ਗੁਰਬਾਣੀ ਦੀ ਸਰਲ ਵਿਆਖਿਆ ਭਾਗ(308)
ਮਾਝ ਮਹਲਾ 5 ॥
ਹੁਕਮੀ ਵਰਸਣ ਲਾਗੇ ਮੇਹਾ ॥ ਸਾਜਨ ਸੰਤ ਮਿਲਿ ਨਾਮੁ ਜਪੇਹਾ ॥
ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥1॥
ਜਿਵੇਂ ਵਰਖਾ ਰੁੱਤ ਆਉਣ ਤੇ, ਜਦੋਂ ਮੀਂਹ ਪੈਂਦਾ ਹੈ, ਤਾਂ ਠੰਡ ਹੋ ਜਾਂਦੀ ਹੈ, ਬਹੁਤ ਫਸਲ ਉੱਗਦੇ ਹਨ, ਸਭ ਲੋਕ ਅੰਨ ਨਾਲ ਰੱਜ ਜਾਂਦੇ ਹਨ, ਤਿਵੇਂ ਜਦੋਂ ਸਤ-ਸੰਗੀ ਗੁਰਮੁਖ ਬੰਦੇ ਸਾਧ-ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਦੇ ਹਨ, ਤਾਂ ਓਥੇ ਪਰਮਾਤਮਾ ਦੇ ਹੁਕਮ ਅਨੁਸਾਰ ਸਿਫਤ-ਸਾਲਾਹ ਦੀ ਮਾਨੋ ਵਰਖਾ ਹੋਣ ਲੱਗ ਪੈਂਦੀ ਹੈ, ਜਿਸ ਦੀ ਬਰਕਤ ਨਾਲ ਸਤ-ਸੰਗੀ ਬੰਦੇ ਆਤਮਕ ਠੰਡ ਪਾਣ ਵਾਲੀ ਸ਼ਾਨਤੀ ਤੇ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ, ਉਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਨੇ ਆਪ ਹੀ
ਵਿਕਾਰਾਂ ਦੀ ਤਪਸ਼ ਮਿਟਾ ਕੇ ਆਤਮਕ ਠੰਡ ਪਾ ਦਿੱਤੀ ਹੁੰਦੀ ਹੈ।1।
ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥ ਕਰਿ ਕਿਰਪਾ ਪ੍ਰਭਿ ਸਗਲ ਰਜਾਇਆ ॥
ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥2॥
ਸਾਧ-ਸੰਗਤ ਵਿਚ ਹਰਿ-ਨਾਮ ਦੀ ਵਰਖਾ ਦੇ ਕਾਰਨ ਪਰਮਾਤਮਾ ਹਰੇਕ ਆਤਮਕ ਗੁਣ ਦੀ ਮਾਨੋ ਫਸਲ ਪੈਦਾ ਕਰ ਦੇਂਦਾ ਹੈ, ਜਿਨ੍ਹਾਂ ਦਾ ਸਦਕਾ ਪ੍ਰਭੂ ਨੇ ਕਿਰਪਾ ਕਰ ਕੇ ਓਥੇ ਸਾਰੇ ਸਤ-ਸੰਗੀਆਂ ਦੇ ਅੰਦਰ ਸੰਤੋਖ ਵਾਲਾ ਜੀਵਨ ਪੈਦਾ ਕਰ ਦਿੱਤਾ ਹੁੰਦਾ ਹੈ। ਹੇ ਮੇਰੇ ਦਾਤਾਰ, ਜਿਵੇਂ ਵਰਖਾ ਨਾਲ ਅੰਨ-ਧਨ ਪੈਦਾ ਕਰ ਕੇ ਤੂੰ ਸਭ ਜੀਵਾਂ ਨੂੰ ਰਜਾਅ ਦੇਂਦਾ ਹੈਂ, ਤਿਵੇਂ ਤੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈਂ ਤੇ ਸਾਰੇ ਸਤ-ਸੰਗੀਆਂ ਨੂੰ ਮਾਇਆ ਦੀ ਤ੍ਰਿਸ਼ਨਾ ਵਲੋਂ ਰਜਾਅ ਦੇਂਦਾ ਹੈਂ।2।
ਸਚਾ ਸਾਹਿਬੁ ਸਚੀ ਨਾਈ ॥ ਗੁਰ ਪਰਸਾਦਿ ਤਿਸੁ ਸਦਾ ਧਿਆਈ ॥
ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥3॥
ਜਿਹੜਾ ਪਰਮਾਤਮਾ ਸਦਾ-ਥਿਰ ਰਹਣ ਵਾਲਾ ਹੈ, ਜਿਸ ਦੀ ਵਡਿਆਈ ਸਦਾ-ਥਿਰ ਰਹਣ ਵਾਲੀ ਹੈ, ਉਸ ਨੁੰ ਮੈਂ ਗੁਰੂ ਦੀ
ਕਿਰਪਾ ਨਾਲ ਸਦਾ ਸਿਮਰਦਾ ਹਾਂ। ਉਸ ਸਿਮਰਨ ਦੀ ਬਰਕਤ ਨਾਲ ਮੇਰੇ ਜਨਮ-ਮਰਨ ਦੇ ਸਾਰੇ ਡਰ ਤੇ ਮੋਹ ਕੱਟੇ ਗਏ ਹਨ, ਮੇਰੇ ਸਾਰੇ ਚਿੰਤਾ ਫਿਕਰ ਦੁੱਖ-ਕਲੇਸ਼ ਨਾਸ ਹੋ ਗਏ ਹਨ।3।
ਸਾਸਿ ਸਾਸਿ ਨਾਨਕੁ ਸਾਲਾਹੇ ॥ ਸਿਮਰਤ ਨਾਮੁ ਕਾਟੇ ਸਭਿ ਫਾਹੇ ॥
ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥4॥27॥34॥
ਹੇ ਭਾਈ, ਨਾਨਕ ਆਪਣੇ ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫਤ-ਸਾਲਾਹ ਕਰਦਾ ਹੈ। ਪ੍ਰਭੂ ਦਾ ਨਾਮ ਸਿਮਰਦਿਆਂ, ਮੋਹ
ਦੀਆਂ ਸਾਰੀਆਂ ਫਾਹੀਆਂ ਕੱਟੀਆਂ ਗਈਆਂ ਹਨ। ਨਾਨਕ ਦੀ ਇਹ ਆਸ, ਪ੍ਰਭੂ ਨੇ ਇਕ ਖਿਨ ਵਿਚ ਹੀ ਪੂਰੀ ਕਰ ਦਿੱਤੀ, ਤੇ ਹੁਣ ਨਾਨਕ ਹਰ ਵੇਲੇ ਪ੍ਰਭੂ ਦੇ ਹੀ ਗੁਣ ਚੇਤੇ ਕਰਦਾ ਰਹਿੰਦਾ ਹੈ।4।27।34।
ਚੰਦੀ ਅਮਰ ਜੀਤ ਸਿੰਘ (ਚਲਦਾ)