ਗੁਰਬਾਣੀ ਦੀ ਸਰਲ ਵਿਆਖਿਆ ਭਾਗ(310)
ਮਾਝ ਮਹਲਾ 5 ॥
ਭਏ ਕ੍ਰਿਪਾਲ ਗੋਵਿੰਦ ਗੁਸਾਈ ॥ ਮੇਘੁ ਵਰਸੈ ਸਭਨੀ ਥਾਈ ॥
ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥1॥
ਜਿਵੇਂ ਬੱਦਲ ਉੱਚੇ ਨੀਵੇਂ ਸਭ ਥਾਵਾਂ ਤੇ ਵਰਖਾ ਕਰਦਾ ਹੈ, ਤਿਵੇਂ ਸ੍ਰਿਸ਼ਟੀ ਦਾ ਖਸਮ ਪਰਮਾਤਮਾ, ਸਭ ਜੀਵਾਂ ਉੱਤੇ
ਦਇਆਲ ਹੁੰਦਾ ਹੈ। ਉਸ ਕਰਤਾਰ ਨੇ ਜੋ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਜੋ ਸਦਾ ਹੀ ਕਿਰਪਾ ਦਾ ਘਰ ਹੈ, ਸੇਵਕਾਂ ਦੇ
ਹਿਰਦੇ ਵਿਚ ਨਾਮ ਦੀ ਬਰਕਤ ਨਾਲ ਸ਼ਾਨਤੀ ਦੀ ਦਾਤ ਬਖਸ਼ੀ ਹੋਈ ਹੈ।1।
ਅਪੁਨੇ ਜੀਅ ਜੰਤ ਪ੍ਰਤਿਪਾਰੇ ॥ ਜੀਉ ਬਾਰਿਕ ਮਾਤਾ ਸੰਮਾਰੇ ॥
ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥2॥
ਹੇ ਭਾਈ, ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ, ਤਿਵੇਂ ਪਰਮਾਤਮਾ ਆਪਣੇ ਪੈਦਾ ਕੀਤੇ ਸਾਰੇ ਜੀਅ-ਜੰਤਾਂ ਦੀ ਪਾਲਣਾ ਕਰਦਾ ਹੈ। ਸਭ ਦੇ ਦੁੱਖਾਂ ਦਾ ਨਾਸ ਕਰਨ ਵਾਲੇ ਤੇ ਸੁਖਾਂ ਦਾ ਸਮੁੰਦਰ ਮਾਲਕ-ਪ੍ਰਭੂ, ਸਭ ਜੀਵਾਂ ਨੂੰ ਖੁਰਾਕ ਦੇਂਦਾ ਹੈ।2।
ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥ ਸਦ ਬਲਿਹਾਰਿ ਜਾਈਐ ਕੁਰਬਾਨਾ ॥
ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥3॥
ਹੇ ਭਾਈ, ਮਿਹਰ ਕਰਨ ਵਾਲਾ ਪਰਮਾਤਮਾ ਪਾਣੀ ਵਿਚ, ਧਰਤੀ ਉੱਤੇ ਹਰ ਥਾਂ ਵਿਆਪ ਰਿਹਾ ਹੈ, ਉਸ ਤੋਂ ਸਦਾ ਸਦਕੇ
ਜਾਣਾ ਚਾਹੀਦਾ ਹੈ, ਕੁਰਬਾਨ ਹੋਣਾ ਚਾਹੀਦਾ ਹੈ। ਹੇ ਭਾਈ, ਜਿਹੜਾ ਪਰਮਾਤਮਾ ਸਭ ਜੀਵਾਂ ਨੂੰ ਇਕ ਪਲ ਵਿਚ ਸੰਸਾਰ-ਸਮੁੰਦਰ
ਤੋਂ ਪਾਰ ਕਰ ਸਕਦਾ ਹੈ, ਉਸ ਨੂੰ ਦਿਨ-ਰਾਤ ਹਰ ਵੇਲੇ ਸਿਮਰਨਾ ਚਾਹੀਦਾ ਹੈ।3।
ਰਾਖਿ ਲੀਏ ਸਗਲੇ ਪ੍ਰਭਿ ਆਪੇ ॥ ਉਤਰਿ ਗਏ ਸਭ ਸੋਗ ਸੰਤਾਪੇ ॥
ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥4॥29॥36॥
ਜਿਹੜੇ ਜਿਹੜੇ ਵਡਭਾਗੀ, ਪ੍ਰਭੂ ਦੀ ਸਰਨ ਆਏ, ਪ੍ਰਭੂ ਨੇ ਉਹ ਸਾਰੇ ਆਪ ਦੁੱਖ-ਕਲੇਸ਼ਾਂ ਤੋਂ ਬਚਾ ਲਏ। ਉਨ੍ਹਾਂ ਦੇ ਸਾਰੇ ਚਿੰਤਾ-ਫਿਕਰ, ਸਾਰੇ ਦੁੱਖ-ਕਲੇਸ਼ ਦੂਰ ਹੋ ਗਏ। ਪਰਮਾਤਮਾ ਦਾ ਨਾਮ ਜਪਿਆਂ ਮਨੁੱਖ ਦਾ ਮਨ, ਮਨੁੱਖ ਦਾ ਸਰੀਰ ਉੱਚੇ ਆਤਮਕ ਜੀਵਨ ਦੀ ਹਰਿਆਵਲ ਦਾ ਸਰੂਪ ਬਣ ਜਾਂਦਾ ਹੈ। ਹੇ ਨਾਨਕ, ਅਰਦਾਸ ਕਰ ਤੇ ਆਖ, ਹੇ ਪਰਮਾਤਮਾ, ਮੇਰੇ ਉੱਤੇ ਵੀ ਮਿਹਰ ਦੀ ਨਿਗਾਹ ਕਰ, ਮੈਂ ਵੀ ਤੇਰਾ ਨਾਮ ਸਿਮਰਦਾ ਰਹਾਂ।4।29।36।
ਚੰਦੀ ਅਮਰ ਜੀਤ ਸਿੰਘ (ਚਲਦਾ)