ਗੁਰਬਾਣੀ ਦੀ ਸਰਲ ਵਿਆਖਿਆ ਭਾਗ(311)
ਮਾਝ ਮਹਲਾ 5 ॥
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥ ਸੇ ਅਸਥਲ ਸੋਇਨ ਚਉਬਾਰੇ ॥
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥1॥
ਹੇ ਭਾਈ, ਜਿਸ ਥਾਂ ਤੇ ਪਿਆਰੇ ਪ੍ਰਭੂ ਦਾ ਨਾਮ ਸਿਮਰਦੇ ਰਹੀਏ, ਉਹ ਰੜੇ ਥਾਂ ਵੀ ਮਾਨੋ ਸੋਨੇ ਦੇ ਚੁਬਾਰੇ ਹਨ। ਪਰ ਹੇ ਮੇਰੇ ਗੋਬਿੰਦ, ਜਿਸ ਥਾਂ ਤੇਰਾ ਨਾਮ ਨਾ ਜਪਿਆ ਜਾਵੇ, ਉਹ ਵਸਦੇ ਸ਼ਹਿਰ ਵੀ ਉਜਾੜ-ਸਮਾਨ ਹਨ।1।
ਹਰਿ ਰੁਖੀ ਰੋਟੀ ਖਾਇ ਸਮਾਲੇ ॥ ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥2॥
ਹੇ ਭਾਈ, ਜਿਹੜਾ ਮਨੁੱਖ ਰੁੱਖੀ ਰੋਟੀ ਖਾ ਕੇ ਵੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ, ਪਰਮਾਤਮਾ ਉਸ ਦੇ ਅੰਦਰ-ਬਾਹਰ ਹਰ ਥਾਂ ਉਸ ਉੱਤੇ ਆਪਣੀ ਮਿਹਰ ਦੀ ਨਿਗਾਹ ਰੱਖਦਾ ਹੈ। ਜਿਹੜਾ ਮਨੁੱਖ ਦੁਨੀਆ ਦੇ ਪਦਾਰਥ ਖਾ ਖਾ ਕੇ ਬੁਰੇ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਜ਼ਹਰ ਦੀ ਬਗੀਚੀ ਜਾਣੋ।2।
ਸੰਤਾ ਸੇਤੀ ਰੰਗੁ ਨ ਲਾਏ ॥ ਸਾਕਤ ਸੰਗਿ ਵਿਕਰਮ ਕਮਾਏ ॥
ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥3॥
ਜਿਹੜਾ ਮਨੁੱਖ, ਸੰਤ-ਜਨਾਂ ਨਾਲ ਪਿਆਰ ਨਹੀਂ ਬਣਾਂਦਾ ਤੇ ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਨਾਲ ਰਲ ਕੇ ਮੰਦੇ ਕਰਮ ਕਰਦਾ ਰਹਿੰਦਾ ਹੈ, ਉਸ ਬੇ-ਸਮਝ ਨੇ ਇਹ ਅੱਤ ਕੀਮਤੀ ਸਰੀਰ ਵਿਅਰਥ ਗਵਾ ਲਿਆ, ਉਹ ਆਪਣੀਆਂ ਜੜ੍ਹਾਂ ਆਪ ਹੀ ਵੱਢ
ਰਿਹਾ ਹੈ।3।
ਤੇਰੀ ਸਰਣਿ ਮੇਰੇ ਦੀਨ ਦਇਆਲਾ ॥ ਸੁਖ ਸਾਗਰ ਮੇਰੇ ਗੁਰ ਗੋਪਾਲਾ ॥
ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥4॥30॥37॥
ਹੇ ਦੀਨਾਂ ਉੱਤੇ ਦਇਆ ਕਰਨ ਵਲੇ ਮੇਰੇ ਪ੍ਰਭੂ, ਹੇ ਸੁਖਾਂ ਦੇ ਸਮੁੰਦਰ, ਸ੍ਰਿਸ਼ਟੀ ਦੇ ਸਭ ਤੋਂ ਵੱਡੇ ਮਾਲਕ, ਮੈਂ ਤੇਰੀ ਸਰਨ
ਆਇਆ ਹਾਂ। ਮਿਹਰ ਕਰੋ, ਤੇਰਾ ਦਾਸ ਨਾਨਕ ਤੇਰੇ ਗੁਣ ਗਾਂਦਾ ਰਹੇ। ਹੇ ਪ੍ਰਭੂ ਸਾਡੀ ਲਾਜ ਰੱਖੋ, ਅਸੀਂ ਵਿਕਾਰਾਂ ਵਿਚ ਖੁਆਰ ਨਾ ਹੋਈਏ।4।30॥37।
ਚੰਦੀ ਅਮਰ ਜੀਤ ਸਿੰਘ (ਚਲਦਾ)