ਗੁਰਬਾਣੀ ਦੀ ਸਰਲ ਵਿਆਖਿਆ ਭਾਗ(314)
ਮਾਝ ਮਹਲਾ 5 ॥
ਮਨੁ ਤਨੁ ਤੇਰਾ ਧਨੁ ਭੀ ਤੇਰਾ ॥ ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥
ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥1॥
ਹੇ ਸ੍ਰਿਸ਼ਟੀ ਦੇ ਪਾਲਕ, ਮੈਨੂੰ ਇਹ ਮਨ (ਜਿੰਦ) ਇਹ ਸਰੀਰ ਤੈਥੋਂ ਹੀ ਮਿਲਿਆ ਹੈ, ਇਹ ਧਨ ਵੀ ਤੇਰਾ ਹੀ ਦਿੱਤਾ ਹੋਇਆ ਹੈ। ਤੂੰ ਮੇਰਾ ਪਾਲਣਹਾਰ ਹੈਂ, ਤੂੰ ਮੇਰਾ ਸਵਾਮੀ ਹੈਂ, ਤੂੰ ਮੇਰਾ ਮਾਲਕ ਹੈਂ। ਇਹ ਜਿੰਦ, ਇਹ ਸਰੀਰ ਸਭ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ, ਹੇ ਗੋਪਾਲ, ਮੈਨੂੰ ਤੇਰਾ ਹੀ ਮਾਣ-ਤਾਣ ਹੈ।1।
ਸਦਾ ਸਦਾ ਤੂੰਹੈ ਸੁਖਦਾਈ ॥ ਨਿਵਿ ਨਿਵਿ ਲਾਗਾ ਤੇਰੀ ਪਾਈ ॥
ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥2॥
ਹੇ ਦਿਆਲ ਪ੍ਰਭੂ, ਸਦਾ ਤੂੰ ਹੀ, ਸਦਾ ਤੂੰ ਹੀ, ਮੈਨੂੰ ਤੂੰ ਹੀ ਸੁਖ ਦੇਣ ਵਾਲਾ ਹੈਂ, ਮੈਂ ਸਦਾ ਨਿਉਂ ਨਿਉਂ ਕੇ ਤੇਰੇ ਹੀ ਪੈਰੀਂ ਲਗਦਾ ਹਾਂ, ਜੇ ਤੇਰੀ ਰਜ਼ਾ ਹੋਵੇ ਤਾਂ ਮੈਂ ਉਹੀ ਕੰਮ ਕਰਾਂ, ਜਿਹੜਾ ਕਰਨ ਵਾਸਤੇ ਤੂੰ ਮੈਨੂੰ ਦੇਵੇਂ।2।
ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥ ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥
ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥3॥
ਹੇ ਪ੍ਰਭੂ, ਮੈਂ ਸਾਰੇ ਪਦਾਰਥ ਤੇਰੇ ਪਾਸੋਂ ਹੀ ਲੈਣੇ ਹਨ, ਸਦਾ ਲੈਂਦਾ ਰਹਿੰਦਾ ਹਾਂ, ਤੂੰ ਹੀ ਮੇਰੇ ਆਤਮਕ ਜੀਵਨ ਦੀ ਸੁੰਦਰਤਾ ਦਾ ਵਸੀਲਾ ਹੈਂ। ਸੁਖ ਚਾਹੇ ਦੁੱਖ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਸ ਨੂੰ ਸੁਖ ਜਾਣ ਕੇ ਸਹਾਰਦਾ ਹਾਂ, ਕਬੂਲਦਾ ਹਾਂ। ਹੇ ਪ੍ਰਭੂ, ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ, ਮੈਨੂੰ ਤੂੰ ਜਿੱਥੇ ਰੱਖਦਾ ਹੈਂ, ਮੇਰੇ ਵਾਸਤੇ ਓਥੇ ਹੀ ਬੈਕੁੰਠ-ਸਵਰਗ ਹੈ।3।
ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥ ਆਠ ਪਹਰ ਤੇਰੇ ਗੁਣ ਗਾਇਆ ॥
ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥4॥33॥40॥
ਹੇ ਨਾਨਕ ਆਖ, ਹੇ ਪ੍ਰਭੂ, ਜਿਸ ਮਨੁੱਖ ਨੇ ਅੱਠੇ ਪਹਰ, ਹਰ ਵੇਲੇ ਤੇਰੀ ਸਿਫਤ-ਸਾਲਾਹ ਦੇ ਗੀਤ ਗਾਏ ਹਨ, ਉਸ ਨੇ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਕਦੀ ਦੁਖੀ ਨਹੀਂ ਹੁੰਦਾ।4।33।40।
ਚੰਦੀ ਅਮਰ ਜੀਤ ਸਿੰਘ (ਚਲਦਾ)