ਗੁਰਬਾਣੀ ਦੀ ਸਰਲ ਵਿਆਖਿਆ ਭਾਗ(315)
ਮਾਝ ਮਹਲਾ 5 ॥
ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥ ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥
ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥1॥
ਜਿਵੇਂ ਜਦੋਂ ਵੀ ਪਾਰਬ੍ਰਹਮ ਪ੍ਰਭੂ ਨੇ ਬੱਦਲ ਘੱਲਿਆ ਤੇ ਪਾਣੀ ਵਿਚ ਧਰਤੀ ਤੇ, ਆਕਾਸ਼ ਵਿਚ ਦਸੀਂ ਪਾਸੀਂ ਵਰਖਾ ਕਰ
ਦਿੱਤੀ, ਜਿਸ ਦੀ ਬਰਕਤ ਨਾਲ ਜੀਵਾਂ ਦੇ ਅੰਦਰ ਠੰਡ ਪੈ ਗਈ, ਸਭਨਾਂ ਦੀ ਤ੍ਰੇਹ ਮਿੱਟ ਗਈ ਤੇ ਸਭ ਥਾਈਂ ਖੁਸ਼ੀ ਹੀ ਖੁਸ਼ੀ ਹੋ
ਗਈ, ਏਸੇ ਤਰ੍ਹਾਂ ਅਕਾਲ-ਪੁਰਖ ਨੇ ਗੁਰੂ ਨੂੰ ਘੱਲਿਆ, ਜਿਸ ਨੇ ਪ੍ਰਭੂ ਦੇ ਨਾਮ ਦੀ ਵਰਖਾ ਕੀਤੀ ਤਾਂ ਸਭ ਜੀਵਾਂ ਦੇ ਹਿਰਦੇ ਵਿਚ
ਸ਼ਾਨਤੀ ਪੈਦਾ ਹੋਈ, ਸਭ ਦੀ ਮਾਇਕ ਤ੍ਰਿਸ਼ਨਾ ਮਿਟ ਗਈ, ਤੇ ਸਭ ਦੇ ਹਿਰਦਿਆਂ ਵਿਚ ਆਤਮਕ ਆਨੰਦ ਪੈਦਾ ਹੋਇਆ।1।
ਸੁਖਦਾਤਾ ਦੁਖ ਭੰਜਨਹਾਰਾ ॥ ਆਪੇ ਬਖਸਿ ਕਰੇ ਜੀਅ ਸਾਰਾ ॥
ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥2॥
ਸਭ ਜੀਵਾਂ ਨੂੰ ਸੁਖ ਦੇਣ ਵਾਲਾ, ਸਭ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਆਪ ਹੀ ਮਿਹਰ ਕਰ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਹੀ ਪਾਲਣਾ ਕਰਦਾ ਹੈ। ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਨੂੰ ਹੀ ਖੁਸ਼ ਕਰਨ ਦਾ ਜਤਨ ਕਰਦਾ ਹਾਂ।2।
ਜਾ ਕੀ ਸਰਣਿ ਪਇਆ ਗਤਿ ਪਾਈਐ ॥ ਸਾਸਿ ਸਾਸਿ ਹਰਿ ਨਾਮੁ ਧਿਆਈਐ ॥
ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥3॥
ਹੇ ਭਾਈ, ਜਿਸ ਪਰਮਾਤਮਾ ਦਾ ਆਸਰਾ ਲਿਆਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਸ ਹਰੀ ਦਾ ਨਾਮ ਹਰੇਕ ਸਾਹ ਦੇ ਨਾਲ ਚੇਤੇ ਕਰਦੇ ਰਹਿਣਾ ਚਾਹੀਦਾ ਹੈ। ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਪਾਲਣਹਾਰ ਨਹੀਂ ਹੈ, ਸਾਰੀਆਂ ਥਾਵਾਂ ਉਸ ਦੀਆਂ ਹੀ ਹਨ, ਸਭ ਜੀਵਾਂ ਵਿਚ ਉਹ ਆਪ ਹੀ ਵੱਸ ਰਿਹਾ ਹੈ।3।
ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥ ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥
ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥4॥34॥41॥
ਹੇ ਪ੍ਰਭੂ, ਮੈਨੂੰ ਤੇਰਾ ਹੀ ਮਾਣ ਹੈ, ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਸਦਾ ਕਾਇਮ ਰਹਣ ਵਾਲਾ ਮੇਰਾ ਮਾਲਕ ਹੈਂ, ਤੂੰ ਸਾਰੇ ਗੁਣਾਂ ਵਾਲਾ ਹੈਂ, ਤੇਰੇ ਗੁਣਾਂ ਦੀ ਹਾਥ ਨਹੀਂ ਪਾਈ ਜਾ ਸਕਦੀ। ਹੇ ਪ੍ਰਭੂ, ਤੇਰਾ ਦਾਸ ਨਾਨਕ, ਤੇਰੇ ਅੱਗੇ ਬੇਨਤੀ ਕਰਦਾ ਹੈ ਕਿ ਮਿਹਰ
ਕਰ, ਮੈਂ ਅੱਠੇ ਪਹਰ ਤੈਨੂੰ ਯਾਦ ਕਰਦਾ ਰਹਾਂ।4।34।41।
ਚੰਦੀ ਅਮਰ ਜੀਤ ਸਿੰਘ (ਚਲਦਾ)