ਗੁਰਬਾਣੀ ਦੀ ਸਰਲ ਵਿਆਖਿਆ ਭਾਗ(318)
ਮਾਝ ਮਹਲਾ 5 ॥
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥ ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥
ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥1॥
ਹੇ ਭਾਈ, ਜਿਸ ਥਾਂ ਵਿਚ ਸਦਾ-ਥਿਰ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਉਹ ਸਦਾ ਕਾਇਮ ਰਹਣ ਵਾਲਾ ਮੰਦਰ ਹੈ, ਘਰ ਹੈ। ਉਹ ਹਿਰਦਾ, ਸਦਾ ਸੁਖੀ ਹੈ, ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਣ। ਉਹ ਧਰਤੀ ਸੁੰਦਰ ਬਣ ਜਾਂਦੀ ਹੈ,
ਜਿਸ ਵਿਚ ਪਰਮਾਤਮਾ ਦੇ ਭਗਤ ਵੱਸਦੇ ਹਨ, ਤੇ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਨ।1।
ਸਚੁ ਵਡਾਈ ਕੀਮ ਨ ਪਾਈ ॥ ਕੁਦਰਤਿ ਕਰਮੁ ਨ ਕਹਣਾ ਜਾਈ ॥
ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥2 ਥਨਤਰਿ
ਹੇ ਪ੍ਰਭੂ ਤੂੰ ਸਦਾ-ਥਿਰ ਰਹਣ ਵਾਲਾ ਹੈਂ, ਤੇਰੀ ਬਜ਼ੁਰਗੀ ਦਾ ਕੋਈ ਜੀਵ ਮੁੱਲ ਨਹੀਂ ਪਾ ਸਕਦਾ, ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ ਹੈ। ਤੇਰੀ ਕੁਦਰਤ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੀ ਬਖਸ਼ਿਸ਼ ਬਿਆਨ ਨਹੀਂ ਕੀਤੀ ਜਾ ਸਕਦੀ। ਤੇਰੇ ਭਗਤ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ, ਉਨ੍ਹਾਂ ਦੇ ਮਨ ਵਿਚ ਤੇਰਾ ਸਦਾ-ਥਿਰ ਸਿਫਤ-ਸਾਲਾਹ ਦਾ ਸ਼ਬਦ ਹੀਆਸਰਾ ਹੈ।2।
ਸਚੁ ਸਾਲਾਹਣੁ ਵਡਭਾਗੀ ਪਾਈਐ ॥ ਗੁਰ ਪਰਸਾਦੀ ਹਰਿ ਗੁਣ ਗਾਈਐ ॥
ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥3॥
ਹੇ ਪ੍ਰਭੂ, ਤੂੰ ਸਦਾ ਕਾਇਮ ਰਹਣ ਵਾਲਾ ਹੈਂ, ਤੇਰੀ ਸਿਫਤ-ਸਾਲਾਹ ਵਡੇ ਭਾਗਾਂ ਨਾਲ ਮਿਲਦੀ ਹੈ। ਹੇ ਹਰੀ, ਤੇਰੇ ਗੁਣ ਗੁਰੂ ਦੀ ਕਿਰਪਾ ਨਾਲ ਗਾਏ ਜਾ ਸਕਦੇ ਹਨ। ਹੇ ਪ੍ਰਭੂ, ਤੈਨੂੰ ਉਹ ਸੇਵਕ ਪਿਆਰੇ ਲਗਦੇ ਹਨ ਜਿਹੜੇ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਨ੍ਹਾਂ ਦੇ ਕੋਲ ਤੇਰਾ ਸਦਾ-ਥਿਰ ਰਹਣ ਵਾਲਾ ਨਾਮ ਜੀਵਨ ਸਫਰ ਦੀ ਰਾਹਦਾਰੀ ਹੈ।3।
ਸਚੇ ਅੰਤੁ ਨ ਜਾਣੈ ਕੋਈ ॥ ਥਾਨਿ ਥਨੰਤਰਿ ਸਚਾ ਸੋਈ ॥
ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥4॥37 ॥44॥
ਹੇ ਭਾਈ, ਸਦਾ ਕਾਇਮ ਰਹਣ ਵਾਲੇ ਪਰਮਾਤਮਾ ਦੇ ਗੁਣਾਂ ਦਾ ਕੋਈ ਮਨੁੱਖ ਅੰਤ ਨਹੀਂ ਜਾਣ ਸਕਦਾ। ਉਹ ਸਦਾ-ਥਿਰ ਰਹਣ ਵਾਲਾ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ। ਹੇ ਨਾਨਕ, ਉਸ ਸਦਾ-ਥਿਰ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ, ਉਹ ਸੁਜਾਨ ਹੈ ਤੇ ਹਰੇਕ ਦੇ ਦਿਲ ਦੀ ਜਾਨਣ ਵਾਲਾ ਹੈ।4।37।44।
ਚੰਦੀ ਅਮਰ ਜੀਤ ਸਿੰਘ (ਚਲਦਾ)