ਗੁਰਬਾਣੀ ਦੀ ਸਰਲ ਵਿਆਖਿਆ ਭਾਗ(319)
ਮਾਝ ਮਹਲਾ 5 ॥
ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥ ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥1॥
ਜੇ ਸੰਤ-ਜਨਾਂ ਦੀ ਸੰਗਤ ਨਾਲ ਮੇਲ ਹੋ ਜਾਵੇ ਤਾਂ ਓਥੇ ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪ ਕੇ ਜ਼ਿੰਦਗੀ ਦੀ ਰਾਤ ਸੁਹਾਵਣੀ ਬੀਤਦੀ ਹੈ, ਦਿਨ ਵੀ ਸੌਖਾ ਲੰਘਦਾ ਹੈ। ਜਿੱਥੇ ਉਮਰ ਦੀਆਂ ਘੜੀਆਂ ਤੇ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ
ਬੀਤਣ, ਓਥੇ ਹੀ ਜੀਵਨ ਦਾ ਸਮਾ ਸਫਲ ਹੁੰਦਾ ਹੈ।1।
ਸਿਮਰਤ ਨਾਮੁ ਦੋਖ ਸਭਿ ਲਾਥੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥
ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥2॥
ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ, ਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪ੍ਰਭੂ ਹਰ ਵੇਲੇ ਨਾਲ ਰਹਿੰਦਾ ਪ੍ਰਤੀਤ ਹੁੰਦਾ ਹੈ। ਪਰਮਾਤਮਾ ਦਾ ਡਰ-ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ।2।
ਪ੍ਰਭੁ ਸਮਰਥੁ ਵਡ ਊਚ ਅਪਾਰਾ ॥ ਨਉ iniD ਨਾਮੁ ਭਰੇ ਭੰਡਾਰਾ ॥
ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥3॥
ਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ, ਉਸ ਦਾ ਨਾਮ ਮਾਨੋ ਜਗਤ ਦੇ ਨੌਂ ਹੀ ਖਜ਼ਾਨੇ ਹਨ, ਨਾਮ-ਧਨ ਨਾਲ ਉਸ ਪ੍ਰਭੂ ਦੇ ਖਜ਼ਾਨੇ ਭਰੇ ਪਏ ਹਨ। ਸੰਸਾਰ ਰਚਨਾ ਦੇ ਸ਼ੁਰੂ ਵਿਚ ਪ੍ਰਭ ਆਪ ਹੀ ਆਪ ਸੀ, ਦੁਨੀਆ ਦੇ ਅੰਤ ਵਿਚ ਵੀ ਪ੍ਰਭੂ ਆਪ ਹੀ ਆਪ ਹੋਵੇਗਾ, ਹੁਣ ਸੰਸਾਰ ਰਚਨਾ ਦੇ ਮੱਧ ਵਿਚ ਵੀ ਪ੍ਰਭੂ ਆਪ ਹੀ ਆਪ ਹੈ। ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਨਹੀਂ ਸਮਝ ਸਕਦਾ।3।
ਕਰਿ ਕਿਰਪਾ ਮੇਰੇ ਦੀਨ ਦਇਆਲਾ ॥ ਜਾਚਿਕੁ ਜਾਚੈ ਸਾਧ ਰਵਾਲਾ ॥
ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥4॥38॥45॥
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ, ਮੇਰੇ ਉੱਤੇ ਵੀ ਕਿਰਪਾ ਕਰ। ਤੇਰਾ ਇਹ ਮੰਗਤਾ ਤੇਰੇ ਪਾਸੋਂ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਤੇਰਾ ਦਾਸ ਨਾਨਕ, ਤੈਥੋਂ ਇਹ ਦਾਨ ਮੰਗਦਾ ਹੈ ਕਿ ਹੇ ਹਰੀ ਮੈਂ ਸਦਾ ਹੀ ਸਦਾ ਹੀ ਤੈਨੂੰ ਸਿਮਰਦਾ
ਰਹਾਂ।4।38।45।
ਚੰਦੀ ਅਮਰ ਜੀਤ ਸਿੰਘ (ਚਲਦਾ)