ਗੁਰਬਾਣੀ ਦੀ ਸਰਲ ਵਿਆਖਿਆ ਭਾਗ(320)
ਮਾਝ ਮਹਲਾ 5 ॥
ਐਥੈ ਤੂੰਹੈ ਆਗੈ ਆਪੇ ॥ ਜੀਅ ਜੰਤ੍ਰ ਸਭਿ ਤੇਰੇ ਥਾਪੇ ॥
ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥1॥
ਹੇ ਪ੍ਰਭੂ, ਇਸ ਲੋਕ ਵਿਚ ਮੇਰਾ ਤੂੰ ਹੀ ਸਹਾਰਾ ਹੈਂ, ਤੇ ਪਰਲੋਕ ਵਿਚ ਵੀ ਮੇਰਾ ਤੂੰ ਆਪ ਹੀ ਆਸਰਾ ਹੈਂ। ਸਾਰੇ ਜੀਅ-ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ। ਹੇ ਕਰਤਾਰ, ਤੈਥੋਂ ਬਿਨਾ ਕੋਈ ਹੋਰ ਮੈਨੂੰ ਸਹਾਈ ਨਹੀਂ ਦਿਸਦਾ, ਮੈਨੂੰ ਤੇਰੀ ਹੀ ਓਟ ਤੇ ਤੇਰਾ ਹੀ ਆਸਰਾ ਹੈ।1।
ਰਸਨਾ ਜਪਿ ਜਪਿ ਜੀਵੈ ਸੁਆਮੀ ॥ ਪਾਰਬ੍ਰਹਮ ਪ੍ਰਭ ਅੰਤਰਜਾਮੀ ॥
ਜਿiਨ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥2॥
ਹੇ ਸਵਾਮੀ, ਹੇ ਪਾਰਬ੍ਰਹਮ, ਹੇ ਅੰਤਰਜਾਮੀ ਪਰਮਾਤਮਾ, ਤੇਰਾ ਸੇਵਕ, ਤੇਰਾ ਨਾਮ ਆਪਣੀ ਰਸਨਾ ਨਾਲ ਜਪ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। (ਆਪਾਂ ਰਸਨਾ ਬਾਰੇ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਹਰ ਗਿਆਨ ਇੰਦਰੇ ਦਾ ਆਪਣਾ ਆਪਣਾ ਘੇਰਾ ਹੈ, ਜਿਵੇਂ ਜੀਭ, ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ ਹੈ, ਕੰਨ ਸੁਣਨ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ, ਅੱਖਾਂ ਦੇਖਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ ਆਦਿ। ਇਵੇਂ ਹੀ ਆਤਮਕ ਚੀਜ਼ਾਂ ਦਾ ਰਸ ਲੈਣ ਵਾਲੀ ਰਸਨਾ, ਮਨ ਹੈ, ਹਿਰਦਾ ਹੈ। ਏਥੇ ਵੀ ਆਤਮਕ ਜੀਵਨ ਦਾ ਰਸ ਲੈਣ ਦੀ ਗੱਲ ਹੈ) ਜ਼ਾਹਰ ਹੈ ਮਨ ਦੀ ਗੱਲ ਹੈ। ਜਿਸ ਮਨੁੱਖ ਨੇ ਤੇਰੀ ਸੇਵਾ-ਭਗਤੀ ਕੀਤੀ, ਉਸ ਨੇ ਹੀ ਆਤਮਕ ਆਨੰਦ ਮਾਣਿਆ, ਉਹ ਮਨੁੱਖ ਆਪਣਾ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ,
ਜਿਵੇਂ ਇਕ ਜੁਆਰੀ, ਆਪਣਾ ਸਭ ਕੁਝ ਜੂਏ ਵਿਚ ਹਾਰ ਜਾਂਦਾ ਹੈ।2।
ਨਾਮੁ ਅਵਖਧੁ ਜਿiਨ ਜਨ ਤੇਰੈ ਪਾਇਆ ॥ ਜਨਮ ਜਨਮ ਕਾ ਰੋਗੁ ਗਵਾਇਆ ॥
ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥3॥
ਹੇ ਪਰਮਾਤਮਾ, ਤੇਰੇ ਜਿਸ ਸੇਵਕ ਨੇ ਤੇਰਾ ਨਾਮ ਰੂਪ ਦਵਾਈ ਲੱਭ ਲਈ, ਉਸ ਨੇ ਕਈ ਜਨਮਾਂ ਦੇ ਵਿਕਾਰਾਂ ਦਾ ਰੋਗ, ਉਸ ਦਵਾਈ ਨਾਲ ਦੂਰ ਕਰ ਲਿਆ। ਹੇ ਭਾਈ ਰਾਤ-ਦਿਨੇ ਪਰਮਾਤਮਾ ਦੀ ਸਿਫਤ-ਸਾਲਾਹ ਦਾ ਗੀਤ ਗਾਂਦੇ ਰਹੋ, ਇਹੀ ਕਾਰ, ਲਾਭ
ਦੇਣ ਵਾਲੀ ਹੈ।3।
ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥ ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥
ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥4॥39॥46॥
ਪ੍ਰਭੂ ਨੇ ਆਪਣਾ ਜਿਹੜਾ ਸੇਵਕ, ਆਪਣੀ ਮਿਹਰ ਦੀ ਨਿਗਾਹ ਕਰ ਕੇ ਸੁਚੱਜੇ ਜੀਵਨ ਵਾਲਾ ਬਣਾ ਦਿੱਤਾ, ਉਸ ਨੇ ਹਰੇਕ
ਸਰੀਰ ਵਿਚ ਉਸ ਪਰਮਾਤਮਾ ਨੂੰ ਵੇਖ ਕੇ, ਹਰੇਕ ਅੱਗੇ ਆਪਣਾ ਸਿਰ ਨਿਵਾਇਆ, ਹਰੇਕ ਨਾਲ ਪ੍ਰੇਮ-ਪਿਆਰ ਵਾਲਾ ਵਰਤਾਰਾ
ਕੀਤਾ। ਹੇ ਨਾਨਕ ਆਖ ਹੇ ਭਾਈ, ਇਕ ਪ੍ਰਭੂ ਤੋਂ ਬਿਨਾ, ਉਸ ਵਰਗਾ ਹੋਰ ਕੋਈ ਨਹੀਂ ਹੈ। ਇਹੀ ਸਭ ਤੋਂ ਸ੍ਰੇਸ਼ਟ ਸੂਝ ਹੈ।4।39।46। ਚੰਦੀ ਅਮਰ ਜੀਤ ਸਿੰਘ (ਚਲਦਾ)