ਗੁਰਬਾਣੀ ਦੀ ਸਰਲ ਵਿਆਖਿਆ ਭਾਗ(321)
ਮਾਝ ਮਹਲਾ 5 ॥
ਮਨੁ ਤਨੁ ਰਤਾ ਰਾਮ ਪਿਆਰੇ ॥ ਸਰਬਸੁ ਦੀਜੈ ਅਪਨਾ ਵਾਰੇ ॥
ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥1॥
ਹੇ ਭਾਈ, ਜੇ ਤੂੰ ਇਹ ਲੋੜਦਾ ਹੈਂ ਕਿ ਤੇਰਾ ਮਨ, ਤੇਰਾ ਸਰੀਰ, ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੇ, ਤਾਂ ਆਪਣਾ ਸਭ ਕੁਝ ਸਦਕੇ ਕਰ ਕੇ ਉਸ ਪ੍ਰੇਮ ਦੇ ਵੱਟੇ ਦੇ ਦੇਣਾ ਚਾਹੀਦਾ ਹੈ, ਅੱਠੇ ਪਹਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ। ਹੇ ਭਾਈ, ਕੋਈ ਇਕ ਸਾਹ ਲੈਂਦਿਆਂ ਵੀ ਪਰਮਾਤਮਾ ਨੂੰ ਨਾ ਭੁਲਾ।1।
ਸੋਈ ਸਾਜਨ ਮੀਤੁ ਪਿਆਰਾ ॥ ਰਾਮ ਨਾਮੁ ਸਾਧਸੰਗਿ ਬੀਚਾਰਾ ॥
ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥2॥
ਜਿਹੜਾ ਮਨੁੱਖ ਸਾਧ-ਸੰਗਤ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਹੀ ਸੱਜਣ-ਪ੍ਰਭੂ ਦਾ ਪਿਆਰਾ ਮਿੱਤ੍ਰ ਹੈ। ਸਾਧ-ਸੰਗਤ ਵਿਚ ਰਿਹਾਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।2।
ਚਾਰਿ ਪਦਾਰਥ ਹਰਿ ਕੀ ਸੇਵਾ ॥ ਪਾਰਜਾਤੁ ਜਪਿ ਅਲਖ ਅਭੇਵਾ ॥
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥3॥
ਹੇ ਭਾਈ ਪਰਮਾਤਮਾ ਦੀ ਸੇਵਾ-ਭਗਤੀ ਹੀ ਸੰਸਾਰ ਦੇ ਪ੍ਰਸਿੱਧ ਚਾਰ ਪਦਾਰਥ ਹਨ। ਹੇ ਭਾਈ ਅਲੱਖ-ਅਭੇਵ ਪ੍ਰਭੂ ਦਾ ਨਾਮ ਜਪ, ਇਹੀ ਮਨੋ-ਕਾਮਨਾ ਪੂਰੀਆਂ ਕਰਨ ਵਾਲਾ ਪਾਰਜਾਤ-ਰੁੱਖ ਹੈ। ਜਿਸ ਮਨੁੱਖ ਦੇ ਅੰਦਰੋਂ ਸ਼ਬਦ ਗੁਰੂ ਨੇ ਕਾਮ ਦੂਰ ਕਰ ਦਿੱਤਾ ਹੈ, ਕ੍ਰੋਧ ਦੂਰ ਕਰ ਦਿੱਤਾ, ਜਿਸ ਦੇ ਸਾਰੇ ਪਾਪ ਗੁਰੂ ਨੇ ਕੱਟ ਦਿੱਤੇ ਹਨ, ਉਸ ਦੀ ਹਰੇਕ ਕਿਸਮ ਦੀ ਆਸ ਪੂਰੀ ਹੋ ਗਈ।3।
ਪੂਰਨ ਭਾਗ ਭਏ ਜਿਸੁ ਪ੍ਰਾਣੀ ॥ ਸਾਧਸੰਗਿ ਮਿਲੇ ਸਾਰੰਗਪਾਣੀ ॥
ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥4॥40॥47॥
ਹੇ ਭਾਈ, ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ, ਉਸ ਨੂੰ ਸਾਧ-ਸੰਗਤ ਵਿਚ ਪਰਮਾਤਮਾ ਮਿਲ ਪੈਂਦਾ ਹੈ। ਹੇ ਨਾਨਕ, ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਘਰ-ਬਾਰੀ ਹੁੰਦਾ ਹੋਇਆ ਹੀ ਮਾਇਆ ਤੋਂ ਨਿਰਲੇਪ ਰਹਿੰਦਾ ਹੈਤੇ ਉਹ ਪਰਮਾਤਮਾ ਦੇ ਦਰ ਤੇ ਕਬੂਲ ਹੁੰਦਾ ਹੈ।4।40।47।
ਚੰਦੀ ਅਮਰ ਜੀਤ ਸਿੰਘ (ਚਲਦਾ)