ਗੁਰਬਾਣੀ ਦੀ ਸਰਲ ਵਿਆਖਿਆ ਭਾਗ(323)
ਮਾਝ ਮਹਲਾ 5 ॥
ਸੋਈ ਕਰਣਾ ਜਿ ਆਪਿ ਕਰਾਏ ॥ ਜਿਥੈ ਰਖੈ ਸਾ ਭਲੀ ਜਾਏ ॥
ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥1॥
ਜੀਵ ਉਹੀ ਕੰਮ ਕਰ ਸਕਦਾ ਹੈ, ਜਿਹੜਾ ਪਰਮਾਤਮਾ ਆਪ ਕਰਾਂਦਾ ਹੈ। ਜੀਵ ਨੂੰ ਪਰਮਾਤਮਾ ਜਿਸ ਥਾਂ ਰੱਖਦਾ ਹੈ, ਉਹੀ ਥਾਂ ਜੀਵ ਵਾਸਤੇ ਚੰਗੀ ਹੁੰਦੀ ਹੈ। ਉਹੀ ਮਨੁੱਖ ਅਕਲ ਵਾਲਾ ਹੈ, ਉਹੀ ਮਨੁੱਖ ਇੱਜ਼ਤ ਵਾਲਾ ਹੈ, ਜਿਸ ਨੂੰ ਪਰਮਾਤਮਾ ਦਾ ਹੁਕਮ ਪਿਆਰਾ ਲੱਗਦਾ ਹੈ।1।
ਸਭ ਪਰੋਈ ਇਕਤੁ ਧਾਗੈ ॥ ਜਿਸੁ ਲਾਇ ਲਏ ਸੋ ਚਰਣੀ ਲਾਗੈ ॥
ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿin ਸਰਬ ਨਿਰੰਜਨੁ ਡੀਠਾ ਜੀਉ ॥2॥
ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਰੂਪੀ ਧਾਗੇ ਵਿਚ ਪਰੋ ਰੱਖਿਆ ਹੈ, ਜਿਸ ਜੀਵ ਨੂੰ ਪ੍ਰਭੂ ਆਪਣੀ ਚਰਨੀਂ ਲਾਂਦਾ ਹੈ, ਉਹੀ ਚਰਨੀਂ ਲੱਗਦਾ ਹੈ। ਉਸ ਮਨੁੱਖ ਨੇ ਹੀ ਨਿਰਲੇਪ ਪ੍ਰਭੂ ਨੂੰ ਹਰ ਥਾਂ ਵੇਖਿਆ ਹੈ, ਜਿਸ ਦਾ ਉਲਟਿਆ ਹੋਇਆ ਹਿਰਦਾ ਕੌਲ-ਫੁਲ ਪ੍ਰਭੂ ਨੇ ਆਪਣੀ ਮਿਹਰ ਨਾਲ ਆਪ ਖਿੜਾ ਦਿੱਤਾ ਹੈ।2।
ਤੇਰੀ ਮਹਿਮਾ ਤੂੰਹੈ ਜਾਣਹਿ ॥ ਅਪਣਾ ਆਪੁ ਤੂੰ ਆਪਿ ਪਛਾਣਹਿ ॥
ਹਉ ਬਲਿਹਾਰੀ ਸੰਤਨ ਤੇਰੇ ਜਿin ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥3॥
ਹੇ ਪ੍ਰਭੂ ਤੂੰ ਆਪ ਹੀ ਜਾਣਦਾ ਹੈਂ ਕਿ ਤੂੰ ਕਿਤਨਾ ਵੱਡਾ ਹੈਂ, ਆਪਣੇ ਆਪ ਨੂੰ ਤੂੰ ਆਪ ਹੀ ਸਮਝ ਸਕਦਾ ਹੈਂ। ਤੇਰੇ ਜਿਨ੍ਹਾਂ ਸੰਤ-ਜਨਾਂ ਨੇ ਤੇਰੀ ਮਿਹਰ ਨਾਲ ਆਪਣੇ ਅੰਦਰੋਂ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ ਦੂਰ ਕੀਤਾ ਹੈ, ਮੈਂ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ।3।
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ ਜਿਨ ਦੇਖੇ ਸਭ ਉਤਰਹਿ ਕਲਮਲ ॥
ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥4॥42॥49॥
ਹੇ ਪ੍ਰਭੂ, ਤੇਰੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੈ, ਤੇਰੇ ਸੰਤ-ਜਨ ਵੀ ਵੈਰ ਆਦਿ ਦੀ ਮੈਲ ਤੋਂ ਰਹਿਤ ਹਨ। ਤੇਰੇ ਉਨ੍ਹਾਂ ਸੰਤ-ਜਨਾਂ ਦਾ ਦਰਸ਼ਨ ਕੀਤਿਆਂ, ਉਨ੍ਹਾਂ ਤੋਂ ਗਿਆਨ ਲਿਆਂ, ਹੋਰਨਾਂ ਦੇ ਵੀ ਪਾਪ ਦੂਰ ਹੋ ਜਾਂਦੇ ਹਨ। ਹੇ ਨਾਨਕ ਆਖ, ਹੇ ਪ੍ਰਭੂ, ਤੇਰਾ ਨਾਮ ਸਿਮਰ ਸਿਮਰ ਕੇ ਜਿਹੜਾ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ, ਉਸ ਦੇ ਮਨ ਵਿਚੋਂ ਅਮੋੜ, ਢੀਠ ਭਰਮ ਅਤੇ ਭਉ, ਡਰ ਦੂਰ ਹੋ ਜਾਂਦੇ ਹਨ।4।42।49।
ਚੰਦੀ ਅਮਰ ਜੀਤ ਸਿੰਘ (ਚਲਦਾ)