ਗੁਰਬਾਣੀ ਦੀ ਸਰਲ ਵਿਆਖਿਆ ਭਾਗ(324)
ਮਾਂਝ ਮਹਲਾ 5 ॥
ਝੂਠਾ ਮੰਗਣੁ ਜੇ ਕੋਈ ਮਾਗੈ ॥ ਤਿਸ ਕਉ ਮਰਤੇ ਘੜੀ ਨ ਲਾਗੈ ॥
ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਿਲ ਨਿਹਚਲੁ ਕਹਣਾ ॥1॥
ਜੇ ਕੋਈ ਮਨੁੱਖ ਸਦਾ ਨਾਸਵੰਤ ਪਦਾਰਥਾਂ ਦੀ ਮੰਗ ਹੀ ਮੰਗਦਾ ਰਹੇ, ਤੇ ਨਾਮ ਸਿਮਰਨ ਦੀ ਦਾਤ ਕਦੇ ਵੀ ਨਾ ਮੰਗੇ, ਉਸ ਨੂੰ ਆਤਮਕ ਮੌਤ ਸਹੇੜਦਿਆਂ ਚਿਰ ਨਹੀਂ ਲੱਗਦਾ। ਜਿਹੜਾ ਮਨੁੱਖ ਸਦਾ ਹੀ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਮਾਇਆ ਦੀ ਤ੍ਰਿਸ਼ਨਾ ਵਲੋਂ ਅਡੋਲ ਹੋ ਗਿਆ ਕਿਹਾ ਜਾ ਸਕਦਾ ਹੈ।1।
ਪ੍ਰੇਮ ਭਗਤਿ ਜਿਸ ਕੈ ਮਨਿ ਲਾਗੀ ॥ ਗੁਣ ਗਾਵੈ ਅਨਦਿਨੁ ਨਿਿਤ ਜਾਗੀ ॥
ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ ॥2॥
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਪਿਆਰ ਭਰੀ ਭਗਤੀ ਦੀ ਲਿਵ ਲੱਗ ਜਾਂਦੀ ਹੈ, ਜਿਹੜਾ ਮਨੁੱਖ ਹਰ ਰੋਜ਼ ਸਦਾ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦੀ ਬਾਂਹ ਫੜ ਕੇ ਉਸ ਨੂੰ ਮਾਲਕ-ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ, ਪਰ ਇਹ ਦਾਤ ਉਸ ਨੂੰ ਮਿਲਦੀ ਹੈ, ਜਿਸ ਦੇ ਮੱਥੇ ਤੇ ਇਹ ਦਾਤ ਹਾਸਲ ਕਰਨ ਦਾ ਲੇਖ ਮੌਜੂਦ ਹੋਵੇ, ਜਿਸ ਦੇ ਅੰਦਰ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਅਨੁਸਾਰ, ਸੇਵਾ-ਭਗਤੀ ਦੇ ਸੰਸਕਾਰ ਮੌਜੂਦ ਹੋਣ, ਗੁਰੂ ਨੂੰ ਮਿਲ ਕੇ ਉਸ ਦੇ ਉਹ ਸੰਸਕਾਰ ਜਾਗ ਪੈਂਦੇ ਹਨ।2।
ਚਰਨ ਕਮਲ ਭਗਤਾਂ ਮਨਿ ਵੁਠੇ ॥ ਵਿਣੁ ਪਰਮੇਸਰ ਸਗਲੇ ਮੁਠੇ ॥
ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥3॥ ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਜਾਣਦੇ ਹਨ ਕਿ ਪਰਮੇਸ਼ਰ ਦੇ ਚਰਨਾਂ ਵਿਚ ਜੁੜਨ ਤੋਂ ਬਗੈਰ ਸਾਰੇ ਹੀ ਜੀਵ ਮਾਇਆ ਦੇ
ਕਾਮਾਦਿਕ ਦੂਤਾਂ ਦੀ ਹੱਥੀਂ ਲੁੱਟੇ ਜਾਂਦੇ ਹਨ। ਸੋ ਭਗਤਾਂ ਦੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ ਸਦਾ ਵੱਸਦੇ ਰਹਿੰਦੇ ਹਨ। ਜਿਹੜੇ ਮਨੁੱਖ ਅਜਿਹੇ ਸੰਤ-ਜਨਾਂ ਦੇ ਚਰਨਾਂ ਦੀ ਧੂੜ ਸਦਾ ਲੋੜਦੇ ਰਹਿੰਦੇ ਹਨ, ਉਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਜੋ ਉਨ੍ਹਾਂ ਦੇ ਜੀਵਨ ਨੂੰ ਸਵਾਰ ਦੇਂਦਾ ਹੈ।3।
ਊਠਤ ਬੈਠਤ ਹਰਿ ਹਰਿ ਗਾਈਐ ॥ ਜਿਸੁ ਸਿਮਰਤ ਵਰੁ ਨਿਹਚਲੁ ਪਾਈਐ ॥
ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ ਸਹਣਾ ॥4॥43॥50॥
ਹੇ ਭਾਈ, ਉਠਦਿਆਂ ਬਹਿੰਦਿਆਂ ਹਰ ਵੇਲੇ ਪਰਮਾਤਮਾ ਦੀ ਸਿਫਤ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਜੋ ਉਸ ਦਾ ਸਿਮਰਨ ਕੀਤਿਆਂ ਉਹ ਖਸਮ-ਪ੍ਰਭੂ ਮਿਲ ਪੈਂਦਾ ਹੈ, ਜੋ ਸਦਾ ਅਟੱਲ ਰਹਿਣ ਵਾਲਾ ਹੈ।
ਹੇ ਨਾਨਕ ਆਖ, ਹੇ ਪ੍ਰਭੂ, ਜਿਸ ਉੱਤੇ ਤੰੂ ਦਇਆਲ ਹੁੰਦਾ ਹੈਂ, ਉਹ ਉਠਦਿਆਂ ਬੈਠਦਿਆਂ ਤੇਰਾ ਨਾਮ ਸਿਮਰਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਤੇਰੀ ਰਜ਼ਾ ਪਿਆਰੀ ਲਗਦੀ ਹੈ।4।43।50।
ਚੰਦੀ ਅਮਰ ਜੀਤ ਸਿੰਘ (ਚਲਦਾ)