ਗੁਰਬਾਣੀ ਦੀ ਸਰਲ ਵਿਆਖਿਆ ਭਾਗ(325)
ਰਾਗੁ ਮਾਝ ਅਸਟਪਦੀਆ ਮਹਲਾ 1 ਘਰੁ 1
ੴ ਸਤਿ ਨਾਮੁ ਗੁਰ ਪ੍ਰਸਾਦਿ ॥ (81)
ਸਬਦਿ ਰੰਗਾਏ ਹੁਕਮਿ ਸਬਾਏ ॥ ਸਚੀ ਦਰਗਹ ਮਹਲਿ ਬੁਲਾਏ ॥
ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥1॥
ਹੇ ਸਦਾ-ਥਿਰ ਰਹਣ ਵਾਲੇ, ਹੇ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਮਾਲਕ। ਜਿਨ੍ਹਾਂ ਨੇ ਆਪਣੇ ਮਨ ਨੂੰ ਤੇਰੇ ਸਦਾ-ਥਿਰ
ਨਾਮ ਵਿਚ ਗਿਝਾ ਲਿਆ ਹੈ, ਜਿਹੜੇ ਤੇਰੇ ਹੁਕਮ ਵਿਚ ਤੁਰਦੇ ਹਨ, ਉਹ ਸਾਰੇ ਤੇਰੀ ਸਦਾ-ਥਿਰ ਦਰਗਾਹ ਵਿਚ, ਤੇਰੇ ਮਹਲ ਵਿਚ ਸੱਦ ਲਏ ਜਾਂਦੇ ਹਨ।1।
ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥1॥ ਰਹਾਉ ॥
ਜਿਨ੍ਹਾਂ ਨੇ ਸ਼ਬਦ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ, ਜਿਨ੍ਹਾਂ ਨੇ ਆਤਮਕ ਜੀਵਨ ਦੇਣ
ਵਾਲਾ ਨਾਮ, ਸਦਾ ਸੁਖ ਦੇਣ ਵਾਲਾ ਪ੍ਰਭੂ ਦਾ ਨਾਮ, ਗੁਰੂ ਦੀ ਮੱਤ ਲੈ ਕੇ ਆਪਣੇ ਮਨ ਵਿਚ ਵਸਾ ਲਿਆ ਹੈ, ਮੈਂ ਉਨ੍ਹਾਂ ਤੋਂ ਕੁਰਬਾਨ ਹਾਂ, ਸਦਕੇ ਹਾਂ ।1।ਰਹਾਉ।
ਨਾ ਕੋ ਮੇਰਾ ਹਉ ਕਿਸੁ ਕੇਰਾ ॥ ਸਾਚਾ ਠਾਕੁਰੁ ਤ੍ਰਿਭਵਣਿ ਮੇਰਾ ॥
ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ ॥2॥
ਦੁਨੀਆ ਵਿਚ ਮੇਰਾ ਕੋਈ ਵੀ ਸਦਾ ਦਾ ਸਾਥੀ ਨਹੀਂ ਹੈ, ਮੈਂ ਵੀ ਕਿਸੇ ਦਾ ਸਦਾ ਲਈ ਸਾਥੀ ਨਹੀਂ ਹਾਂ। ਮੇਰਾ, ਸਦਾ ਲਈ
ਪਾਲਣ ਵਾਲਾ ਸਿਰਫ ਉਹੀ ਪ੍ਰਭੂ ਹੈ, ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ। ਮੈਂ ਵੱਡਾ ਹਾਂ, ਮੈਂ ਵੱਡਾ ਹਾਂ, ਇਹ ਮਾਣ ਕਰ ਕਰ ਕੇ ਬੇਅੰਤ ਲੋਕਾਈ ਜਗਤ ਤੋਂ ਤੁਰੀ ਜਾ ਰਹੀ ਹੈ, ਮਾਣ-ਮੱਤੀ ਲੋਕਾਈ ਪਾਪ ਕਮਾ ਕਮਾ ਕੇ ਪਛੁਤਾਂਦੀ ਵੀ ਹੈ।2।
ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥ ਗੁਰ ਕੈ ਸਬਦਿ ਨਾਮਿ ਨੀਸਾਣੈ ॥
ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥3॥
ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਉਹ ਮਾਣ ਨਹੀਂ ਕਰਦਾ, ਉਹ ਪਰਮਾਤਮਾ ਦੀ ਸਿਫਤ-ਸਾਲਾਹ
ਕਰਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ ਦੇ ਨਾਮ ਵਿਚ ਟਿਕ ਕੇ, ਨਾਮ ਦੀ ਰਾਹਦਾਰੀ ਸਮੇਤ ਏਥੋਂ ਜਾਂਦਾ ਹੈ। ਸਦਾ-ਥਿਰ ਪ੍ਰਭੂ ਦੇ ਦਰ ਤੇ ਸਭ ਜੀਵਾਂ ਦੇ ਕਰਮਾਂ ਦਾ ਲੇਖਾ ਹੁੰਦਾ ਹੈ, ਇਸ ਲੇਖੇ ਤੋਂ ਉਹੀ ਸੁਰਖਰੂ ਹੁੰਦਾ ਹੈ ਜੋ ਨਾਮ ਦੀ ਰਾਹੀਂ, ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ।3।
ਮਨਮੁਖੁ ਭੂਲਾ ਠਉਰੁ ਨ ਪਾਏ ॥ ਜਮ ਦਰਿ ਬਧਾ ਚੋਟਾ ਖਾਏ ॥
ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ ॥4॥
ਪ੍ਰਭੂ ਨਾਮ ਤੋਂ ਖੁੰਝਿਆ ਹੋਇਆ ਮਨ ਦਾ ਮੁਰੀਦ ਮਨੁੱਖ ਕਰਮਾਂ ਦੇ ਲੇਖੇ ਤੋਂ ਬਚਣ ਲਈ ਕੋਈ ਥਾਂ ਨਹੀਂ ਲੱਭ ਸਕਦਾ।
ਆਪਣੇ ਕੀਤੇ ਔਗੁਣਾਂ ਦਾ ਬੱਝਾ ਹੋਇਆ, ਜਮਰਾਜ ਦੇ ਦਰ ਤੇ ਮਾਰ ਖਾਂਦਾ ਹੈ, ਆਤਮਕ ਦੁੱਖ-ਕਲੇਸ਼ ਦੀਆਂ ਚੋਟਾਂ ਤੋਂ ਬਚਾਣ ਲਈ ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਸੰਗੀ-ਸਾਥੀ ਨਹੀਂ ਹੋ ਸਕਦਾ। ਜਮ ਦੀਆਂ ਇਨ੍ਹਾਂ ਚੋਟਾਂ ਤੋਂ ਉਹੀ ਬਚਦੇ ਹਨ ਜੋ ਪਰਮਾਤਮਾ
ਦਾ ਨਾਮ ਸਿਮਰਦੇ ਹਨ।4।
ਸਾਕਤ ਕੂੜੇ ਸਚੁ ਨ ਭਾਵੈ ॥ ਦੁਬਿਧਾ ਬਾਧਾ ਆਵੈ ਜਾਵੈ ॥
ਲਿiਖਆ ਲੇਖੁ ਨ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ ॥5॥
ਝੂਠੇ ਮੋਹ ਵਿਚ ਫਸੇ ਸਾਕਤ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਚੰਗਾ ਨਹੀਂ ਲਗਦਾ। ਉਸ ਨੂੰ ਮੋਹ ਵਾਲੀ ਮੇਰ-ਤੇਰ ਪਸੰਦ ਹੈ, ਉਸ ਮੇਰ-ਤੇਰ ਵਿਚ ਫਸਿਆ ਹੋਇਆ ਜਨਮ-ਮਰਨ ਦੇ ਗੇੜ ਵਿਚ ਪੈਂਦਾ ਹੈ। ਦੁਬਿਧਾ ਵਾਲੇ ਕੀਤੇ ਕਰਮਾਂ ਅਨੁਸਾਰ, ਮੱਥੇ ਉੱਤੇ ਦੁਬਿਧਾ ਦੇ ਸੰਸਕਾਰਾਂ ਦਾ ਲਿiਖਆ ਲੇਖ ਕੋਈ ਮਿਟਾ ਨਹੀਂ ਸਕਦਾ। ਇਸ ਲੇਖ ਤੋਂ ਉਹੀ ਖਲਾਸੀ ਪ੍ਰਾਪਤ ਕਰਦਾ ਹੈ, ਜੋ ਗੁਰੂ ਦੀ ਸਰਨ ਪੈਂਦਾ ਹੈ।5।
ਪੇਈਅੜੈ ਪਿਰੁ ਜਾਤੋ ਨਾਹੀ ॥ ਝੂਠਿ ਵਿਛੁੰਨੀ ਰੋਵੈ ਧਾਹੀ ॥
ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥6॥
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪ੍ਰਭੂ-ਪਤੀ ਨਾਲ ਸਾਂਝ ਨਹੀਂ ਪਾਈ, ਝੂਠੇ ਮੋਹ ਦੇ ਕਾਰਨ ਪ੍ਰਭੂ-ਚਰਨਾਂ ਤੋਂ ਵਿਛੁੜੀ ਹੋਈ ਉਹ, ਆਖਰ ਧਾਹਾਂ ਮਾਰ ਮਾਰ ਕੇ ਰੋਂਦੀ ਹੈ। ਜਿਸ ਦੇ ਆਤਮਕ ਜੀਵਨ ਨੂੰ ਪਾਪ-ਸੁਭਾਵ ਨੇ ਲੁੱਟ ਲਿਆ, ਉਸ ਨੂੰ ਪ੍ਰਭੂ ਦਾ ਮਹਲ ਨਹੀਂ ਲੱਭਦਾ। ਇਨ੍ਹਾਂ ਔਗਣਾਂ ਨੂੰ ਗੁਣਾਂ ਦਾ ਮਾਲਕ ਪ੍ਰਭੂ ਆਪ ਹੀ ਬਖਸ਼ਦਾ ਹੈ।6।
ਪੇਈਅੜੈ ਜਿin ਜਾਤਾ ਪਿਆਰਾ ॥ ਗੁਰਮੁਖਿ ਬੂਝੈ ਤਤੁ ਬੀਚਾਰਾ ॥
ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥7॥
ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਿਆਰੇ ਪ੍ਰਭੂ ਨਾਲ ਸਾਂਝ ਨਹੀਂ ਪਾਈ, ਉਹ ਗੁਰੂ ਦੀ ਸਰਨ ਪੈ ਕੇ ਜਗਤ ਦੇ ਮੂਲ, ਪ੍ਰਭੂ ਦੇ ਗੁਣਾਂ ਨੂੰ ਸਮਝਦੀ ਤੇ ਵਿਚਾਰਦੀ ਹੈ। ਜਿਹੜੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ, ਗੁਰੂ ਉਨ੍ਹਾਂ ਦਾ ਜਨਮ-ਮਰਨ ਦਾ ਗੇੜ ਰੋਕ ਦੇਂਦਾ ਹੈ।7।
ਗੁਰਮੁਖਿ ਬੂਝੈ ਅਕਥੁ ਕਹਾਵੈ ॥ ਸਚੇ ਠਾਕੁਰ ਸਾਚੋ ਭਾਵੈ ॥
ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ ॥8॥1॥
ਗੁਰੂ ਦੀ ਸਰਨ ਪਿਆਂ ਮਨੁੱਖ, ਬੇਅੰਤ ਗੁਣਾਂ ਵਾਲੇ ਪ੍ਰਭੂ ਦੇ ਗੁਣਾਂ ਨੂੰ ਸਮਝਦਾ ਹੈ, ਹੋਰਨਾਂ ਨੂੰ ਸਿਫਤ-ਸਾਲਾਹ ਵਾਸਤੇ ਪ੍ਰੇਰਦਾ ਹੈ। ਸਦਾ-ਥਿਰ ਠਾਕੁਰ ਨੂੰ, ਸਿਫਤ-ਸਾਲਾਹ ਦਾ ਸਦਾ-ਥਿਰ ਕੰਮ ਹੀ ਚੰਗਾ ਲਗਦਾ ਹੈ। ਹੇ ਨਾਨਕ, ਗੁਰੂ ਦੀ ਸਰਨ ਪੈਣ ਵਾਲਾ
ਮਨੁੱਖ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੇ ਦਰ ਤੇ ਅਰਜੋਈਆਂ ਕਰਦਾ ਰਹਿੰਦਾ ਹੈ।
ਪ੍ਰਭੂ ਦੀ ਸਿਫਤ-ਸਾਲਾਹ ਕਰਨ ਵਾਲਿਆਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ।8।1।
ਚੰਦੀ ਅਮਰ ਜੀਤ ਸਿੰਘ (ਚਲਦਾ)