ਗੁਰਬਾਣੀ ਦੀ ਸਰਲ ਵਆਿਖਆਿ ਭਾਗ(329)
ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ ॥ ਭਾਇ ਭਗਤਿ ਤੇਰੈ ਮਨਿ ਭਾਏ ॥
ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ ॥5॥
ਹੇ ਪ੍ਰਭੂ ਜਿਨ੍ਹਾਂ ਬੰਦਿਆਂ ਨੂੰ ਤੂੰ ਆਪ ਆਪਣੇ ਨਾਮ ਦੀ ਲਗਨ ਲਾਈ ਹੈ, ਉਹ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਤੇਰੇ ਚਰਨਾਂ ਨਾਲ ਪ੍ਰੇਮ ਦੇ ਕਾਰਨ, ਤੇਰੀ ਭਗਤੀ ਦੇ ਕਾਰਨ, ਉਹ ਤੈਨੂੰ ਤੇਰੇ ਮਨ ਵਿਚ ਪਿਆਰੇ ਲਗਦੇ ਹਨ। ਉਹ ਮਨੁੱਖ, ਆਤਮਕ ਆਨੰਦ ਦੇਣ ਵਾਲੇ ਗੁਰੂ ਦੀ ਦੱਸੀ ਸੇਵਾ ਸਦਾ ਕਰਦੇ ਹਨ। ਹੇ ਪ੍ਰਭੂ, ਤੂੰ ਆਪ ਉਨ੍ਹਾਂ ਦੀ ਹਰੇਕ ਇੱਛਾ ਪੂਰੀ ਕਰਦਾ ਹੈਂ।5।
ਹਰਿ ਜੀਉ ਤੇਰੀ ਸਦਾ ਸਰਣਾਈ ॥ ਆਪੇ ਬਖਸਿਿਹ ਦੇ ਵਡਿਆਈ ॥
ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥6॥
ਹੇ ਪ੍ਰਭੂ ਜੀ ਮੈਂ ਸਦਾ ਤੇਰਾ ਹੀ ਆਸਰਾ ਤੱਕਦਾ ਹਾਂ। ਤੂੰ ਜੀਵਾਂ ਨੂੰ ਵਡਿਆਈ ਦੇ ਕੇ ਆਪ ਹੀ ਬਖਸ਼ਿਸ਼ ਕਰਦਾ ਹੈਂ। ਹੇ ਭਾਈ ਜੋ ਮਨੁੱਖ, ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ।6।
ਅਨਦਿਨੁ ਰਾਤੇ ਜੋ ਹਰਿ ਭਾਏ ॥ ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ ॥
ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥7॥
ਜਿਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲਗਦੇ ਹਨ, ਉਹ ਹਰ ਵੇਲੇ, ਹਰ ਰੋਜ਼ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ। ਮੇਰੇ ਪ੍ਰਭੂ ਨੇ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿਚ ਜੋੜ ਲਿਆ ਹੈ। ਹੇ ਸਦਾ-ਥਿਰ ਰਹਣ ਵਾਲੇ ਪ੍ਰਭੂ, ਉਹ ਮਨੁੱਖ ਸਦਾ ਹੀ, ਸਦਾ ਹੀ ਤੇਰਾ ਪੱਲਾ ਫੜੀ ਰੱਖਦੇ ਹਨ, ਤੂੰ ਆਪ ਹੀ ਉਨ੍ਹਾਂ ਨੂੰ ਆਪਣੇ ਸਦਾ-ਥਿਰ ਨਾਮ ਦੀ ਸੂਝ ਦੇਂਦਾ ਹੈਂ।7।
ਜਿਨ ਸਚੁ ਜਾਤਾ ਸੇ ਸਚਿ ਸਮਾਣੇ ॥ ਹਰਿ ਗੁਣ ਗਾਵਹਿ ਸਚੁ ਵਖਾਣੇ ॥
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥8॥3॥4॥
ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਹ ਸਦਾ-ਥਿਰ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਸਦਾ ਉਸ ਦੇ ਗੁਣ ਗਾਂਦੇ ਹਨ।
ਹੇ ਨਾਨਕ, ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵਲੋਂ ਉਪਰਾਮ ਹੋ ਜਾਂਦੇ ਹਨ, ਉਹ ਬਾਹਰ ਮਾਇਆ ਦੇ ਪਿੱਛੇ ਭਟਕਣ ਦੀ ਥਾਂ ਆਪਣੇ ਹਿਰਦੇ ਘਰ ਵਿਚ ਟਿਕੇ ਰਹਿੰਦੇ ਹਨ।8।3।4।
ਚੰਦੀ ਅਮਰ ਜੀਤ ਸਿੰਘ (ਚਲਦਾ)