ਗੁਰਬਾਣੀ ਦੀ ਸਰਲ ਵਆਿਖਆਿ ਭਾਗ (330)
ਮਾਝ ਮਹਲਾ 3 ॥
ਸਬਦਿ ਮਰੈ ਸੁ ਮੁਆ ਜਾਪੈ ॥ ਕਾਲੁ ਨ ਚਾਪੈ ਦੁਖੁ ਨ ਸੰਤਾਪੈ ॥
ਜੋਤੀ ਵਿਿਚ ਮਿਿਲ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥1॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਾ ਭਾਵ ਵਲੋਂ ਮਰਦਾ ਹੈ, ਉਹ ਆਪਾ ਭਾਵ ਵਲੋਂ ਮਰਿਆ ਹੋਇਆ ਮਨੁੱਖ ਜਗਤ ਵਿਚ ਆਦਰ ਮਾਣ ਪਾਂਦਾ ਹੈ, ਉਸ ਨੂੰ ਆਤਮਕ ਮੌਤ ਆਪਣੇ ਪੰਜੇ ਵਿਚ ਫਸਾ ਨਹੀਂ ਸਕਦੀ, ਉਸ ਨੂੰ ਕੋਈ ਦੁੱਖ ਕਲੇਸ਼,
ਦੁਖੀ ਨਹੀਂ ਕਰ ਸਕਦਾ। ਪ੍ਰਭੂ ਦੀ ਜੋਤ ਵਿਚ ਮਿਲ ਕੇ ਉਸ ਦੀ ਸੁਰਤ ਪ੍ਰਭੂ ਵਿਚ ਹੀ ਲੀਨ ਰਹਿੰਦੀ ਹੈ। ਹੇ ਮਨ, ਉਹ ਮਨੁੱਖ ਪ੍ਰਭੂ ਦੀ ਸਿਫਤ-ਸਾਲਾਹ ਸੁਣ ਕੇ ਸਦਾ-ਥਿਰ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ।1।
ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥
ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ॥1॥ ਰਹਾਉ ॥
ਮੈਂ ਸਦਾ ਉਨ੍ਹਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ, ਜੋ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਲੋਕ-ਪਰਲੋਕ ਵਿਚ ਸੋਭਾ ਖੱਟਦੇ ਹਨ, ਜਿਹੜੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ-ਥਿਰ ਪ੍ਰਭੂ ਵਿਚ ਚਿੱਤ ਜੋੜਦੇ ਹਨ ਅਤੇ ਗੁਰੂ ਦੀ ਮੱਤ ਤੇ ਤੁਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।1।ਰਹਾਉ।
ਕਾਇਆ ਕਚੀ ਕਚਾ ਚੀਰੁ ਹੰਢਾਏ ॥ ਦੂਜੈ ਲਾਗੀ ਮਹਲੁ ਨ ਪਾਏ ॥
ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥2॥
ਇਹ ਸਰੀਰ ਨਾਸਵੰਤ ਹੈ, ਮਾਨੋ ਕਮਜ਼ੋਰ ਜਿਹਾ ਕੱਪੜਾ ਹੈ, ਪਰ ਮਨੁੱਖ ਦੀ ਜਿੰਦ ਇਸ ਜਰਜਰੇ ਕਪੜੇ ਨੂੰ ਹੀ ਹੰਢਾਂਦੀ ਰਹਿੰਦੀ ਹੈ, ਜਿੰਦ ਸਰੀਰਕ ਭੋਗਾਂ ਵਿਚ ਹੀ ਮਗਨ ਰਹਿੰਦੀ ਹੈ। ਜਿੰਦ ਮਾਇਆ ਦੇ ਪਿਆਰ ਵਿਚ ਮਸਤ ਰਹਿੰਦੀ ਹੈ, ਇਸ ਕਰ ਕੇ ਇਹ ਪ੍ਰਭੂ ਚਰਨਾਂ ਵਿਚ ਟਿਕਾਣਾ ਹਾਸਲ ਨਹੀਂ ਕਰ ਸਕਦੀ। ਮਾਇਆ ਦੇ ਮੋਹ ਦੇ ਕਾਰਨ ਜਿੰਦ, ਹਰ ਵੇਲੇ, ਦਿਨ-ਰਾਤ ਸੜਦੀ ਤੇ ਭਟਕਦੀ ਹੈ, ਪ੍ਰਭੂ-ਪਤੀ ਦ ਮਿਲਾਪ ਤੋਂ ਬਿਨਾ ਬਹੁਤ ਦੁੱਖ ਝੱਲਦੀ ਹੈ।2।
ਦੇਹੀ ਜਾਤਿ ਨ ਆਗੈ ਜਾਏ ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥
ਸਤਿਗੁਰੁ ਸੇਵਨਿ ਸੇ ਧਨਵੰਤੈ ਐਥੈ ਓਥੈ ਨਾਮਿ ਸਮਾਵਣਿਆ ॥ 3॥
ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਦਾ ਸਰੀਰ ਨਹੀਂ ਜਾ ਸਕਦਾ,ਉੱਚੀ ਜਾਤ ਵੀ ਨਹੀਂ ਜਾ ਸਕਦੀ, ਜਿਸ ਦਾ ਮਨੁੱਖ ਏਨਾ ਮਾਣ
ਕਰਦਾ ਹੈ। ਜਿੱਥੇ ਪਰਲੋਕ ਵਿਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ, ਓਥੇ ਤਾਂ ਸਦਾ-ਥਿਰ ਪ੍ਰਭੂ ਦੇ
ਨਾਮ ਸਿਮਰਨ ਦੀ ਕਮਾਈ ਕਰ ਕੇ ਹੀ ਸੁਰਖਰੂ ਹੋਈਦਾ ਹੈ। ਜਿਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ ਪ੍ਰਭੂ ਦੇ ਨਾਮ
ਧਨ ਨਾਲ ਧਨਵਾਨ ਬਣ ਜਾਂਦੇ ਹਨ, ਉਹ ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ ਸਦਾ ਪਰਮਾਤਮਾ ਦੇ ਨਾਮ ਵਿਚ ਹੀ ਲੀਨ
ਰਹਿੰਦੇ ਹਨ।3।
ਭੈ ਭਾਇ ਸੀਗਾਰੁ ਬਣਾਏ ॥ ਗੁਰ ਪਰਸਾਦੀ ਮਹਲੁ ਘਰੁ ਪਾਏ ॥
ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥4॥
ਜਿਹੜਾ ਮਨੁੱਖ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ, ਪਰਮਾਤਮਾ ਦੇ ਪ੍ਰੇਮ ਵਿਚ ਮਗਨ ਹੋ ਕੇ, ਪ੍ਰਭੂ ਦੇ ਨਾਮ ਨੂੰ ਆਪਣੇ
ਜੀਵਨ ਦਾ ਗਹਣਾ ਬਣਾਂਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਪ੍ਰਭੂ ਚਰਨਾਂ ਵਿਚ ਟਿਕਾਣਾ ਬਣਾ ਲੈਂਦਾ ਹੈ, ਪ੍ਰਭੂ ਚਰਨਾਂ ਵਿਚ ਘਰ
ਪਰਾਪਤ ਕਰ ਲੈਂਦਾ ਹੈ, ਉਹ ਹਰ ਰੋਜ਼ ਦਿਨੇ ਰਾਤ ਕਰਤਾਰ ਦਾ ਨਾਮ-ਸਿਮਰਨ ਕਰਦਾ ਹੈ, ਉਹ ਆਪਣੀ ਜਿੰਦ ਨੂੰ ਮਜੀਠ ਵਰਗਾ ਪੱਕਾ ਪ੍ਰੇਮ ਦਾ ਨਾਮ ਰੰਗ ਚਾੜ੍ਹ ਲੈਂਦਾ ਹੈ।4।
ਸਭਨਾ ਪਿਰੁ ਵਸੈ ਸਦਾ ਨਾਲੇ ॥ ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥
ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥5॥
ਹੇ ਭਾਈ, ਪ੍ਰਭੂ-ਪਤੀ ਸਦਾ ਸਭ ਜੀਵਾਂ ਦੇ ਨਾਲ, ਸਭ ਦੇ ਅੰਦਰ ਵੱਸਦਾ ਹੈ, ਪਰ ਕੋਈ ਵਿਰਲਾ ਜੀਵ ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਹਰ ਥਾਂ ਆਪਣੀ ਅੱਖੀਂ ਵੇਖਦਾ ਹੈ। ਹੇ ਭਾਈ, ਪਿਆਰਾ ਪ੍ਰਭੂ ਬਹੁਤ ਹੀ ਉੱਚਾ ਹੈ, ਬੇਅੰਤ ਉੱਚੇ ਆਤਮਕ ਜੀਵਨ ਦਾ
ਮਾਲਕ ਹੈ, ਤੇ ਅਸੀਂ ਜੀਵ ਨੀਵੇਂ ਜੀਵਨ ਵਾਲੇ ਹਾਂ, ਉਹ ਆਪ ਹੀ ਮਿਹਰ ਕਰ ਕੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਾਂਦਾ ਹੈ।5।
ਮਾਇਆ ਮੋਹਿ ਇਹੁ ਜਗੁ ਸੁਤਾ ॥ ਨਾਮੁ ਵਿਸਾਰਿ ਅੰਤਿ ਵਿਗੁਤਾ ॥
ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥6॥
ਇਹ ਜਗਤ ਮਾਇਆ ਦੇ ਮੋਹ ਵਿਚ ਫਸ ਕੇ ਸੁੱਤਾ ਪਿਆ ਹੈ, ਆਤਮਕ ਜੀਵਨ ਵਲੋਂ ਅਵੇਸਲਾ ਹੋ ਰਿਹਾ ਹੈ, ਪਰਮਾਤਮਾ
ਦਾ ਨਾਮ ਭੁਲਾ ਕੇ ਆਖਰ ਖੁਆਰ ਵੀ ਹੁੰਦਾ ਹੈ, ਫਿਰ ਵੀ ਇਹ ਇਸ ਨੀਂਦ ਵਿਚੋਂ ਜਾਗਦਾ ਨਹੀਂ। ਜਾਗੇ ਵੀ ਕਿਵੇਂ ? ਇਸ ਦੇ
ਵੱਸ ਦੀ ਗੱਲ ਨਹੀਂ, ਜਿਸ ਦੇ ਹੁਕਮ ਅਨੁਸਾਰ ਜਗਤ, ਮਾਇਆ ਦੇ ਮੋਹ ਦੀ ਨੀਂਦ ਵਿਚ ਸੌਂ ਰਿਹਾ ਹੈ, ਉਹੀ ਇਸ ਨੂੰ ਜਗਾਂਦਾ ਹੈ, ਉਹ ਪ੍ਰਭੂ ਆਪ ਹੀ ਇਸ ਨੂੰ ਗੁਰੂ ਦੀ ਮੱਤ ਤੇ ਤੋਰ ਕੇ ਆਤਮਕ ਜੀਵਨ ਦੀ ਸਮਝ ਬਖਸ਼ਦਾ ਹੈ।6।
ਅਪਿਉ ਪੀਐ ਸੋ ਭਰਮੁ ਗਵਾਏ ॥ ਗੁਰ ਪਰਸਾਦਿ ਮੁਕਤਿ ਗਤਿ ਪਾਏ ॥
ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥7॥
ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ ਮਾਇਆ ਦੇ ਮੋਹ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ। ਗੁਰੂ ਦੀ ਕਿਰਪਾ ਨਾਲ ਉਹ ਮਾਇਆ ਦੇ ਮੋਹ ਤੋਂ ਖਲਾਸੀ ਪਾ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਉਹ ਮਨੁੱਖ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਇਸ ਦੀ ਬਰਕਤ ਨਾਲ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ ਆਪਾ-ਭਾਵ ਮਾਰ ਕੇ ਉਹ ਆਪਣੇ ਆਪ ਨੂੰ ਪ੍ਰਭੂ ਚਰਨਾਂ ਵਿਚ ਮਿਲਾ ਲੈਂਦਾ ਹੈ।7।
ਆਪਿ ਉਪਾਏ ਧੰਧੈ ਲਾਏ ॥ ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥
ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥8॥4॥5॥
ਹੇ ਨਾਨਕ, ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮਾਇਆ ਦੀ ਦੌੜ-ਭੱਜ ਵਿਚ ਜੋੜ ਦਿੰਦਾ ਹੈ, ਚੌਰਾਸੀ-
ਲੱਖ (ਅਣਗਿਣਤ) ਜੂਨਾਂ ਦੇ ਜੀਵਾਂ ਨੂੰ ਰਿਜ਼ਕ ਵੀ ਪ੍ਰਭੂ ਆਪ ਹੀ ਅਪੜਾਂਦਾ ਹੈ। ਪਰ ਜਿਹੜੇ ਮਨੁੱਖ ਰੱਬ ਦਾ ਨਾਮ ਸਿਮਰ ਕੇ ਉਸਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ। ਉਹ ਉਹੀ ਕਾਰ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗੀ ਲਗਦੀ ਹੈ।8।4।5।
ਚੰਦੀ ਅਮਰ ਜੀਤ ਸਿੰਘ (ਚਲਦਾ)