ਗੁਰਬਾਣੀ ਦੀ ਸਰਲ ਵਆਿਖਆਿ ਭਾਗ (331)
ਮਾਝ ਮਹਲਾ 3 ॥
ਅੰਦਰਿ ਹੀਰਾ ਲਾਲੁ ਬਣਾਇਆ ॥ ਗੁਰ ਕੈ ਸਬਦਿ ਪਰਖਿ ਪਰਖਾਇਆ ॥
ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥1॥
ਪਰਮਾਤਮਾ ਨੇ ਹਰੇਕ ਸਰੀਰ ਦੇ ਅੰਦਰ ਆਪਣੀ ਜੋਤ-ਰੂਪ ਹੀਰਾ-ਲਾਲ ਟਿਕਾਇਆ ਹੋਇਆ ਹੈ, ਪਰ ਵਿਰਲੇ ਭਾਗਾਂ
ਵਾਲਿਆਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਹੀਰੇ ਲਾਲ ਦੀ ਪਰਖ ਕਰ ਕੇ ਸਾਧ-ਸੰਗਤ ਵਿਚ ਪਰਖ ਕਰਾਈ ਹੈ। ਜਿਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ-ਹੀਰਾ ਵੱਸ ਪਿਆ ਹੈ, ਉਹ ਸਦਾ-ਥਿਰ ਨਾਮ ਸਿਮਰਦੇ ਹਨ, ਉਹ ਆਪਣੇ ਆਤਮਕ ਜੀਵਨ ਦੀ ਪਰਖ ਵਾਸਤੇ ਸਦਾ-ਥਿਰ ਨਾਮ ਨੂੰ ਹੀ ਕਸਵੱਟੀ ਦੇ ਤੌਰ ਤੇ ਵਰਤਦੇ ਹਨ।1।
ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥
ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥1॥ ਰਹਾਉ ॥
ਮੈਂ ਸਦਾ ਉਨ੍ਹਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ, ਜੋ ਗੁਰੂ ਦੀ ਬਾਣੀ ਨੂੰ ਆਪਣੇ ਮਨ ਵਿਚ ਵਸਾਂਦੇ ਹਨ, ਉਨ੍ਹਾਂ ਨੇ ਮਾਇਆ ਵਿਚ ਵਿਚਰਦਿਆਂ ਹੀ ਇਸ ਬਾਣੀ ਦੀ ਬਰਕਤ ਨਾਲ ਨਿਰੰਜਣ ਪ੍ਰਭੂ ਨੂੰ ਲੱਭ ਲਿਆ ਹੈ, ਉਹ ਆਪਣੀ ਸੁਰਤ ਨੂੰ ਪਰਮਾਤਮਾ ਦੀ ਜੋਤ ਵਿਚ ਮਿਲਾਈ ਰੱਖਦੇ ਹਨ ।1।
ਇਸ ਕਾਇਆ ਅੰਦਰਿ ਬਹੁਤੁ ਪਸਾਰਾ ॥ ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥
ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥2॥
ਇਕ ਪਾਸੇ ਇਸ ਮਨੁੱਖਾ ਸਰੀਰ ਵਿਚ ਮਾਇਆ ਦਾ ਬਹੁਤ ਖਿਲਾਰਾ ਖਿਲਾਰਿਆ ਹੋਇਆ ਹੈ, ਦੂਜੇ ਪਾਸੇ ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ, ਬੇਅੰਤ ਹੈ, ਉਸ ਦਾ ਨਾਮ ਮਨੁੱਖ ਨੂੰ ਪ੍ਰਾਪਤ ਕਿਵੇਂ ਹੋਵੇ ? ਜਿਹੜਾ ਮਨੁੱਖ ਗੁਰੂ ਦੇ ਸਨਮੁਖ
ਹੁੰਦਾ ਹੈ, ਉਹੀ ਰੱਬ ਦੇ ਨਾਮ ਨੂੰ ਪ੍ਰਾਪਤ ਕਰਦਾ ਹੈ, ਪ੍ਰਭੂ ਆਪ ਹੀ ਮਿਹਰ ਕਰ ਕੇ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ।2।
ਮੇਰਾ ਠਾਕੁਰੁ ਸਚੁ ਦ੍ਰਿੜਾਏ ॥ ਗੁਰ ਪਰਸਾਦੀ ਸਚਿ ਚਿਤੁ ਲਾਏ ॥
ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥3॥
ਪਾਲਣਹਾਰਾ ਪਿਆਰਾ ਪ੍ਰਭੂ ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ ਸਦਾ-ਥਿਰ ਨਾਮ ਦ੍ਰਿੜ੍ਹ ਕਰਦਾ ਹੈ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਵਿਚ ਆਪਣਾ ਮਨ ਜੋੜਦਾ ਹੈ। ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਸਦਾ-ਥਿਰ ਰਹਣ ਵਾਲਾ
ਪਰਮਾਤਮਾ ਹੀ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਦਾ ਕਾਇਮ ਰਹਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।3।
ਵੇਪਰਵਾਹੁ ਸਚੁ ਮੇਰਾ ਪਿਆਰਾ ॥ ਕਿਲਵਿਖ ਅਵਗਣ ਕਾਟਣਹਾਰਾ ॥
ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥4॥
ਹੇ ਭਾਈ, ਮੇਰਾ ਪਿਆਰਾ ਪ੍ਰਭੂ ਸਦਾ ਕਾਇਮ ਰਹਣ ਵਾਲਾ ਹੈ, ਉਸ ਨੂੰ ਕਿਸੇ ਕਿਸਮ ਦੀ ਮੁਥਾਜੀ ਵੀ ਨਹੀਂ ਹੈ। ਉਹ ਸਭ ਜੀਵਾਂ ਦੇ ਪਾਪ ਤੇ ਔਗਣ ਦੂਰ ਕਰਨ ਦੀ ਤਾਕਤ ਰੱਖਦਾ ਹੈ। ਪ੍ਰੇਮ ਪਿਆਰ ਨਾਲ ਉਸ ਦਾ ਧਿਆਨ ਧਰਨਾ ਚਾਹੀਦਾ ਹੈ। ਉਸ ਦੇ
ਡਰ-ਅਦਬ ਵਿਚ ਰਹਿ ਕੇ ਪਿਆਰ ਨਾਲ ਉਸ ਦੀ ਭਗਤੀ, ਆਪਣੇ ਹਿਰਦੇ ਵਿਚ ਪੱਕੀ ਕਰਨੀ ਚਾਹੀਦੀ ਹੈ।4।
ਤੇਰੀ ਭਗਤਿ ਸਚੀ ਜੇ ਸਚੇ ਭਾਵੈ ॥ ਆਪੇ ਦੇਇ ਨ ਪਛੋਤਾਵੈ ॥
ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥5॥
ਹੇ ਸਦਾ-ਥਿਰ ਪ੍ਰਭੂ, ਤੇਰੀ ਭਗਤੀ ਦੀ ਦਾਤ ਜੀਵਾਂ ਨੂੰ ਤਦੋਂ ਹੀ ਮਿਲਦੀ ਹੈ, ਜੇ ਤੇਰੀ ਰਜ਼ਾ ਹੋ ਜਾਵੇ। ਹੇ ਭਾਈ, ਭਗਤੀ ਅਤੇ ਹੋਰ ਸੰਸਾਰਕ ਪਦਾਰਥਾਂ ਦੀ ਦਾਤ, ਪ੍ਰਭੂ ਆਪ ਹੀ ਜੀਵਾਂ ਨੂੰ ਦੇਂਦਾ ਹੈ, ਦੇ ਦੇ ਕੇ ਉਹ ਪਛਤਾਂਦਾ ਵੀ ਨਹੀਂ, ਕਿਉਂਕਿ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਆਪ ਹੀ ਆਪ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਜੀਵ ਨੂੰ ਵਿਕਾਰਾਂ ਵਲੋਂ ਮਾਰ ਕੇ ਆਤਮਕ ਜੀਵਨ ਦੇਣ ਵਾਲਾ, ਉਹ ਆਪ ਹੀ ਆਪ ਹੈ।5।
ਹਰਿ ਤੁਧੁ ਬਾਝਹੁ ਮੈ ਕੋਈ ਨਾਹੀ ॥ ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥
ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥6॥
ਹੇ ਹਰੀ, ਤੈਥੋਂ ਬਿਨਾ ਮੈਨੂੰ ਕੋਈ ਹੋਰ ਆਪਣਾ ਸਹਾਰਾ ਨਹੀਂ ਦਿਸਦਾ। ਹੇ ਹਰੀ, ਮੈ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ, ਮੈਂ ਤੇਰੀ ਹੀ ਸਿਫਤ-ਸਾਲਾਹ ਕਰਦਾ ਹਾਂ। ਹੇ ਸਦਾ ਕਾਇਮ ਰਹਣ ਵਾਲੇ ਪ੍ਰਭੂ. ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ। ਤੇਰੀ ਪੂਰੀ ਮਿਹਰ ਨਾਲ ਹੀ ਤੈਨੂੰ ਮਿਲ ਸਕੀਦਾ ਹੈ।6।
ਮੈ ਹੋਰੁ ਨ ਕੋਈ ਤੁਧੈ ਜੇਹਾ ॥ ਤੇਰੀ ਨਦਰੀ ਸੀਝਸਿ ਦੇਹਾ ॥
ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥7॥
ਹੇ ਪ੍ਰਭੂ, ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਦਿਸਦਾ। ਤੇਰੀ ਮਿਹਰ ਦੀ ਨਿਗਾਹ ਨਾਲ ਹੀ, ਜੇ ਤੇਰੀ ਭਗਤੀ ਦੀ ਦਾਤ ਮਿਲੇ ਤਾਂ ਮੇਰਾ ਇਹ ਸਰੀਰ ਸਫਲ ਹੋ ਸਕਦਾ ਹੈ। ਹੇ ਹਰੀ, ਤੂੰ ਆਪ ਹੀ ਹਰ ਵੇਲੇ ਜੀਵਾਂ ਦੀ ਸੰਭਾਲ ਕਰ ਕੇ ਵਿਕਾਰਾਂ ਵਲੋਂ ਰਾਖੀ
ਕਰਦਾ ਹੈਂ। ਤੇਰੀ ਮਿਹਰ ਨਾਲ ਜਿਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ. ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ।7।
ਤੁਧੁ ਜੇਵਡੁ ਮੈ ਹੋਰੁ ਨ ਕੋਈ ॥ ਤੁਧੁ ਆਪੇ ਸਿਰਜੀ ਆਪੇ ਗੋਈ ॥
ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥8॥5॥6॥
ਹੇ ਪ੍ਰਭੂ, ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਦਿਸਦਾ। ਤੂੰ ਆਪ ਹੀ ਰਚਨਾ ਕਰੀ ਹੈ, ਤੂੰ ਆਪ ਹੀ ਇਸ ਨੂੰ ਨਾਸ
ਕਰਦਾ ਹੈਂ। ਹੇ ਨਾਨਕ, ਆਖ ਹੇ ਪ੍ਰਭੂ, ਤੂੰ ਆਪ ਹੀ ਘੜ ਕੇ, ਭੰਨ ਕੇ ਸੰਵਾਰਦਾ ਹੈਂ, ਤੂੰ ਆਪ ਹੀ ਆਪਣੇ ਨਾਮ ਦੀ ਬਰਕਤ ਨਾਲ ਜੀਵਾਂ ਦੇ ਜੀਵਨ ਸੋਹਣੇ ਬਣਾਂਦਾ ਹੈਂ ।8।5।6।
ਚੰਦੀ ਅਮਰ ਜੀਤ ਸਿੰਘ (ਚਲਦਾ)