ਗੁਰਬਾਣੀ ਦੀ ਸਰਲ ਵਆਿਖਆਿ ਭਾਗ (335)
ਅਪਨੀ ਕਿਰਪਾ ਕਰੇ ਸੋਈ ਜਨੁ ਪਏ ॥ ਗੁਰ ਕਾ ਸਬਦੁ ਮੰਨਿ ਵਸਾਏ ॥
ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ ॥5॥
ਜਿਸ ਮਨੁੱਖ ਉੱਤੇ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ, ਉਹੀ ਮਨੁੱਖ ਆਤਮਕ ਅਨੰਦ ਪ੍ਰਾਪਤ ਕਰਦਾ ਹੈ, ਕਿਉਂਕਿ ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਉਹ ਮਨੁੱਖ ਹਰ ਰੋਜ਼, ਹਰ ਵੇਲੇ ਪਰਮਾਤਮਾ ਦੇ ਡਰ-ਅਦਬ ਵਿਚ
ਟਿiਕਆ ਹੋਇਆ ਹੈ, ਤੇ ਉਸ ਡਰ-ਅਦਬ ਦੀ ਬਰਕਤ ਨਾਲ ਆਪਣੇ ਮਨ ਨੂੰ ਮਾਰ ਕੇ, ਵਿਕਾਰਾਂ ਵਲੋਂ ਮਾਰ ਕੇ ਵਿਕਾਰਾਂ ਵੱਲ ਦੀਦੌੜ-ਭੱਜ ਦੂਰ ਕਰੀ ਰੱਖਦਾ ਹੈ।5।
ਭਰਮੁ ਚੁਕਾਇਆ ਸਦਾ ਸੁਖੁ ਪਾਇਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ ॥
ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ ॥6॥
ਜਿਸ ਮਨੁੱਖ ਨੇ ਆਪਣੇ ਮਨ ਦੀ ਵਿਕਾਰਾਂ ਵੱਲ ਦੀ ਦੌੜ-ਭੱਜ ਮੁਕਾ ਲਈ, ਉਸ ਨੇ ਸਦਾ ਆਤਮਕ ਆਨੰਦ ਮਾਣਿਆ, ਗੁਰੂ ਦੀ ਕਿਰਪਾ ਨਾਲ ਉਸ ਨੇ ਸਭ ਤੋਂ ਉਚੀ ਆਤਮਕ ਅਵਸਥਾ ਹਾਸਲ ਕਰ ਲਈ। ਜੀਵਨ ਨੂੰ ਪਵਿੱਤ੍ਰ ਕਰਨ ਵਾਲੀ ਗੁਰਬਾਣੀ ਦੀ ਮਦਦ ਨਾਲ ਉਸ ਦਾ ਮਨ ਪਵਿੱਤ੍ਰ ਹੋ ਗਿਆ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ।6।
ਸਿਮ੍ਤਿ ਸਾਸਤ ਬੇਦ ਵਖਾਣੈ ॥ ਭਰਮੇ ਭੂਲਾ ਤਤੁ ਨ ਜਾਣੈ ॥
ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ ॥7॥
ਪੰਡਿਤ ਵੇਦ ਸ਼ਾਸਤ੍ਰ ਸਿਮ੍ਤੀਆਂ ਆਦਿ ਧਰਮ ਪੁਸਤਕਾਂ ਹੋਰਨਾ ਨੂੰ ਪੜ੍ਹ ਕੇ ਸੁਣਾਂਦਾ ਰਹਿੰਦਾ ਹੈ, ਪਰ ਆਪ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੇ। ਉਹ ਅਸਲੀਅਤ ਨੂੰ ਨਹੀਂ ਸਮਝਦਾ। ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ, ਦੁਖ ਹੀ ਦੁਖ ਪੈਦਾ ਕਰਨ ਵਾਲੀ ਕਮਾਈ ਕਰਦਾ ਰਹਿੰਦਾ ਹੈ।7।
ਆਪ ਕਰੇ ਕਿਸੁ ਆਖੈ ਕੋਈ ॥ ਆਖਣਿ ਜਾਈਐ ਜੇ ਭੂਲਾ ਹੋਈ ॥
ਨਾਨਕ ਆਪੇ ਕਰੇ ਕਰਾਏ ਨਾਮੇ ਨਾਮਿ ਸਮਾਵਣਿਆ ॥8॥7॥8॥
ਪਰ ਇਹ ਸਾਰੀ ਖੇਡ ਕਰਤਾਰ ਦੇ ਆਪਣੇ ਹੱਥ ਵਿਚ ਹੈ। ਸਭ ਜੀਵਾਂ ਵਿਚ ਵਿਆਪਕ ਹੋ ਕੇ ਕਰਤਾਰ ਆਪ ਹੀ ਸਭ ਕੁਝ ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ ਕਿ ਤੂੰ ਕੁਰਾਹੇ ਜਾ ਰਿਹਾ ਹੈਂ ? ਕਿਸੇ ਨੂੰ ਸਮਝਾਣ ਦੀ ਲੋੜ ਤਦੋਂ ਹੀ ਪੈ ਸਕਦੀ ਹੈ, ਜੇ ਉਹ ਆਪ ਕੁਰਾਹੇ ਪਿਆ ਹੋਇਆ ਹੋਵੇ । ਹੇ ਨਾਨਕ, ਪ੍ਰਭੂ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ ਕਰ ਰਿਹਾ ਹੈ, ਤੇ ਜੀਵਾਂ ਪਾਸੋਂ ਕਰਾ ਰਿਹਾ ਹੈ, ਉਹ ਆਪ ਹੀ ਸਰਬ-ਵਿਆਪਕ ਹੋ ਕੇ ਆਪਣੇ ਨਾਮ ਵਿਚ ਹੀ ਲੀਨ ਹੋ ਸਕਦਾ ਹੈ।8।7।8।
ਚੰਦੀ ਅਮਰ ਜੀਤ ਸਿੰਘ (ਚਲਦਾ)