ਗੁਰਬਾਣੀ ਦੀ ਸਰਲ ਵਆਿਖਆਿ ਭਾਗ (336)
ਮਾਝ ਮਹਲਾ 3 ॥
ਆਪੇ ਰੰਗੇ ਸਹਜਿ ਸੁਭਾਏ ॥ ਗੁਰ ਕੈ ਸਬਦਿ ਹਰਿ ਰੰਗੁ ਚੜਾਏ ॥
ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ ॥1॥
ਪ੍ਰਭੂ ਆਪ ਹੀ ਜਿਨ੍ਹਾਂ ਮਨੁੱਖਾਂ ਨੂੰ ਆਤਮਕ ਅਡੋਲਤਾ ਦੇ ਰੰਗ ਵਿਚ ਰੰਗਦਾ ਹੈ, ਸ੍ਰੇਸ਼ਟ ਪਿਆਰ ਦੇ ਰੰਗ ਵਿਚ ਰੰਗਦਾ ਹੈ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਇਹ ਰੰਗ ਚਾੜ੍ਹਦਾ ਹੈ, ਉਨ੍ਹਾਂ ਦਾ ਮਨ ਰੰਗਿਆ ਜਾਂਦਾ ਹੈ, ਉਨ੍ਹਾਂ ਦਾ ਸਰੀਰ ਰੰਗਿਆ ਜਾਂਦਾ ਹੈ, ਉਨ੍ਹਾਂ ਦੀ ਰਸਨਾ, ਉਨ੍ਹਾਂ ਦਾ ਮਨ ਇਸ ਰੰਗ ਨਾਲ ਗੂੜ੍ਹਾ ਲਾਲ ਹੋ ਜਾਂਦਾ ਹੈ। ਗੁਰੂ ਉਨ੍ਹਾਂ ਨੂੰ ਪਰਮਾਤਮਾ ਦੇ ਡਰ ਅਦਬ ਵਿਚ ਰੱਖ ਕੇ, ਪ੍ਰਭੂ ਦੇ ਪਿਆਰ ਵਿਚ ਜੋੜ ਕੇ ਨਾਮ-ਰੰਗ ਚਾੜ੍ਹਦਾ ਹੈ।1।
ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ ॥
ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥1॥ ਰਹਾਉ ॥
ਮੈਂ ਸਦਾ ਉਨ੍ਹਾਂ ਦੇ ਸਦਕੇ ਕੁਰਬਾਨ ਜਾਂਦਾ ਹਾਂ, ਜੋ ਉਸ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ, ਜਿਸ ਨੂੰ ਕਿਸੇ ਦਾ ਡਰ ਖਤਰਾ ਨਹੀਂ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਿਰਭਉ ਪਰਮਾਤਮਾ ਦਾ ਧਿਆਨ ਧਰਿਆ ਹੈ, ਪਰਮਾਤਮਾ ਉਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਜ਼ਹਰ-ਰੂਪ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ, ਉਸ ਸੰੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ, ਜਿਸ ਦਾ ਮੋਹ ਆਤਮਕ ਜੀਵਨ ਵਾਸਤੇ ਜ਼ਹਰ ਵਰਗਾ ਹੈ।1।ਰਹਾਉ।
ਮਨਮੁਖ ਮੁਗਧ ਕਰਹਿ ਚਤੁਰਾਈ ॥ ਨਾਤਾ ਧੋਤਾ ਥਾਇ ਨ ਪਾਈ ॥
ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ ॥2॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਚਤੁਰਾਈਆਂ ਕਰਦੇ ਹਨ ਤੇ ਆਖਦੇ ਹਨ ਕਿ ਅਸੀਂ ਤੀਰਥ-ਇਸ਼ਨਾਨ ਆਦਿ ਪੁੰਨ ਕਰਮ ਕਰਦੇ ਹਾਂ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬਾਹਰੋਂ ਕਿੰਨਾ ਵੀ ਪਵਿੱਤ੍ਰ ਕਰਮ ਕਰਨ ਵਾਲਾ ਹੋਵੇ,
ਪਰਮਾਤਮਾ ਦੀ ਹਜ਼ੂਰੀ ਵਿਚ ਪਰਵਾਨ ਨਹੀਂ ਹੁੰਦਾ। ਉਹ ਜਗਤ ਵਿਚ ਆਤਮਕ ਜੀਵਨ ਵਲੋਂ ਜਿਹੋ ਜਿਹਾ ਖਾਲੀ ਆਉਂਦਾ ਹੈ,
ਉਹੁ ਜਿਹਾ ਖਾਲੀ ਹੀ ਚਲੇ ਜਾਂਦਾ ਹੈ, ਜਗਤ ਵਿਚ ਔਗੁਣ ਕਰ ਕਰ ਕੇ ਆਖਰ ਪਛਤਾਂਦਾ ਹੀ ਜਾਂਦਾ ਹੈ।2।
ਮਨਮੁਖ ਅੰਧੇ ਕਿਛੂ ਨ ਸੂਝੈ ॥ ਮਰਣੁ ਲਿਖਾਇ ਆਏ ਨਹੀ ਬੂਝੈ ॥
ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ ॥3॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ, ਸਹੀ ਜੀਵਨ-ਜੁਗਤ ਬਾਰੇ ਕੁਝ ਨਹੀਂ ਔਹੜਦਾ, ਪਿਛਲੇ ਜਨਮਾਂ ਵਿਚ ਮਨਮੁੁਖਤਾ ਦੇ ਅਧੀਨ ਕੀਤੇ ਕਰਮਾਂ ਅਨੁਸਾਰ, ਆਤਮਕ ਮੌਤ ਦੇ ਸੰਸਕਾਰ ਆਪਣੇ ਮਨ ਦੀ ਪੱਟੀ ਤੇ ਲਿਖਾ ਕੇ ਉਹ ਜਗਤ ਵਿਚ ਆਾਉੱਦਾ ਹੈ, ਏਥੇ ਵੀ ਉਸ ਨੂੰ ਸਮਝ ਨਹੀਂ ਪੈਂਦੀ, ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਰਹਿੰਦਾ ਹੈ, ਸਹੀ ਜੀਵਨ-ਜੁਗਤ ਦੀ ਸੂਝ ਹਾਸਲ ਨਹੀਂ ਕਰਦਾ, ਤੇ ਪਰਮਾਤਮਾ ਦੇ ਨਾਮ ਤੋਂ ਵਾਂਝਿਆ ਰਹਿ ਕੇ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ।3।
ਸਚੁ ਕਰਣੀ ਸਬਦੁ ਹੈ ਸਾਰੁ ॥ ਪੂਰੈ ਗੁਰਿ ਪਾਈਐ ਮੋਖ ਦੁਆਰੁ ॥
ਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ ॥4॥
ਹੇ ਭਾਈ, ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਹੀ ਕਰਨ-ਜੋਗ ਕੰਮ ਹੈ, ਗੁਰੂ ਦਾ ਸ਼ਬਦ ਮਨ ਵਿਚ ਵਸਾਉਣਾ ਹੀ ਸ੍ਰੇਸ਼ਟ ਉੱਦਮ ਹੈ। ਪੂਰੇ ਗੁਰੂ ਦੀ ਰਾਹੀਂ ਹੀ ਵਿਕਾਰਾਂ ਤੋਂ ਖਲਾਸੀ ਪਾਣ ਦਾ ਦਰਵਾਜਾ ਲੱਭਦਾ ਹੈ। ਗੁਰੂ ਜਿਨ੍ਹਾਂ ਨੂੰ ਹਰ ਵੇਲੇ ਆਪਣੀ ਬਾਣੀ ਦੀ ਰਾਹੀਂ, ਆਪਣੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ ਸਿਫਤ-ਸਾਲਾਹ ਸੁਣਾਂਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ।4।
ਚੰਦੀ ਅਮਰ ਜੀਤ ਸਿੰਘ (ਚਲਦਾ)