ਗੁਰਬਾਣੀ ਦੀ ਸਰਲ ਵਆਿਖਆਿ ਭਾਗ (338)
ਮਾਝ ਮਹਲਾ 3 ॥
ਸਤਿਗੁਰ ਸੇਵਿਐ ਵਡੀ ਵਡਿਆਈ ॥ ਹਰਿ ਜੀ ਅਚਿੰਤੁ ਵਸੈ ਮਨਿ ਆਈ ॥
ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਿਨ ਪੀਤਾ ਤਿਸੁ ਤਿਖਾ ਲਹਾਵਣਿਆ ॥1॥
ਜੋ ਮਨੁੱਖ ਗੁਰੂ ਨੂੰ ਆਪਣੀ ਜ਼ਿੰਦਗੀ ਦਾ ਆਸਰਾ-ਪਰਨਾ ਬਣਾ ਲਵੇ, ਤਾਂ ਉਸ ਨੂੰ ਇਹ ਭਾਰੀ ਇੱਜ਼ਤ ਮਿਲਦੀ ਹੈ ਕਿ ਉਹ ਪਰਮਾਤਮਾ, ਉਸ ਦੇ ਮਨ ਵਿਚ ਆ ਵੱਸਦਾ ਹੈ, ਜਿਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ। ਹੇ ਭਾਈ, ਮਾਨੋ ਪਰਮਾਤਮਾ ਇਕ ਫੱਲਦਾਰ ਰੁੱਖ ਹੈ, ਜਿਸ ਵਿਚੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋਂਦਾ ਹੈ। ਜਿਸ ਮਨੁੱਖ ਨੇ ਉਹ ਰਸ ਪੀ ਲਿਆ, ਨਾਮ-ਰਸ ਨੇ ਉਸ ਦੀ ਮਾਇਆ ਦੀ ਤ੍ਰੇਹ ਦੂਰ ਕਰ ਦਿੱਤੀ।1।
ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ ॥
ਹਰਿ ਸਤਸੰਗਤਿ ਆਪੇ ਮੇਲੈ ਗੁਰ ਸਬਦੀ ਹਰਿ ਗੁਣ ਗਾਵਣਿਆ ॥1॥ ਰਹਾਉ ॥
ਮੈਂ ਸਦਕੇ ਹਾਂ, ਕੁਰਬਾਨ ਹਾਂ, ਪਰਮਾਤਮਾ ਤੋਂ, ਉਹ ਸਦਾ-ਥਿਰ ਰਹਣ ਵਾਲਾ ਪਰਮਾਤਮਾ, ਸਾਧ-ਸੰਗਤ ਵਿਚ ਮਿਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ। ਪਰਮਾਤਮਾ ਆਪ ਹੀ ਸਾਧ-ਸੰਗਤ ਦਾ ਮੇਲ ਕਰਦਾ ਹੈ। ਜਿਹੜਾ ਮਨੁੱਖ ਸਾਧ-ਸੰਗਤ ਵਿਚ ਜੁੜਦਾ
ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਹੈ।1।ਰਹਾਉ।
ਸਤਿਗੁਰ ਸੇਵੀ ਸਬਦਿ ਸੁਹਾਇਆ ॥ ਜਿਿਨ ਹਰਿ ਕਾ ਨਾਮੁ ਮੰਨਿ ਵਸਾਇਆ ॥
ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥2॥
ਹੇ ਭਾਈ, ਮੈਂ ਉਸ ਗੁਰੂ ਨੂੰ ਆਪਣਾ ਆਸਰਾ-ਪਰਨਾ ਬਣਾਇਆ ਹੈ, ਜਿਸ ਨੇ ਆਪਣੇ ਸ਼ਬਦ ਦੀ ਰਾਹੀਂ ਮੇਰਾ ਜੀਵਨ ਸਵਾਰ ਦਿੱਤਾ ਹੈ, ਜਿਸ ਨੇ ਰੱਬ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ। ਹੇ ਭਾਈ, ਰੱਬ ਦਾ ਨਾਮ ਪਵਿੱਤ੍ਰ ਹੈ, ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ। ਜਿਹੜਾ ਮਨੁੱਖ ਪ੍ਰਭੂ-ਨਾਮ ਨੂੰ ਆਪਣੇ ਮਨ ਵਿਚ ਵਸਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਖੱਟਦਾ ਹੈ।2।
ਬਿਨੁ ਗੁਰ ਨਾਮੁ ਨ ਪਾਇਆ ਜਾਇ ॥ ਸਿਧ ਸਾਧਿਕ ਰਹੇ ਬਿਲਲਾਇ ॥
ਬਿਨੁ ਗੁਰ ਸੇਵੇ ਸੁਖੁ ਨ ਹੋਵੀ ਪੂਰੈ ਭਾਗਿ ਗੁਰ ਪਾਵਣਿਆ ॥3॥
ਪਰ ਜੋਗ-ਸਾਧਨਾ ਕਰਨ ਵਾਲੇ ਤੇ ਜੋਗ-ਸਾਧਨਾ ਵਿਚ ਪੁੱਗੇ ਹੋਏ ਅਨੇਕਾਂ ਜੋਗੀ ਤਰਲੇ ਲੈਂਦੇ ਰਹਿ ਗਏ, ਪਰਮਾਤਮਾ ਦਾ ਨਾਮ ਗੁਰੂ ਦੀ ਸਰਨ ਤੋਂ ਬਿਨਾ ਨਹੀਂ ਮਿਲਦਾ। ਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਨਹੀਂ ਬਣਦਾ, ਵੱਡੀ ਕਿਸਮਤ ਨਾਲ ਗੁਰੂ ਮਿਲਦਾ ਹੈ।3।
ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥ ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥
ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥4॥
ਮਨੁੱਖ ਦਾ ਇਹ ਮਨ ਆਰਸੀ (ਮੂੰਹ ਵੇਖਣ ਵਾਲਾ ਸ਼ੀਸ਼ਾ) ਸਮਾਨ ਹੈ, ਜਿਸ ਦੇ ਰਾਹੀਂ ਹੀ ਮਨੁੱਖ ਆਪਣਾ ਆਤਮਕ ਜੀਵਨ ਵੇਖ ਸਕਦਾ ਹੈ, ਪਰ ਸਿਰਫ ਉਹੀ ਮਨੁੱਖ ਵੇਖਦਾ ਹੈ, ਜਿਹੜਾ ਗੁਰੂ ਦੀ ਸਰਨ ਪਵੇ, ਗੁਰੂ ਦਾ ਆਸਰਾ ਲੈਣ ਤੋਂ ਬਿਨਾ ਇਸ ਮਨ ਨੂੰ ਹਉਮੈ ਦਾ ਜੰਗਾਲ ਲੱਗਾ ਰਹਿੰਦਾ ਹੈ, ਜਦੋਂ ਗੁਰੂ ਦੀ ਸਰਨ ਪੈ ਕੇ ਮਨੁੱਖ ਆਪਣੇ ਅੰਦਰੋਂ ਹਉਮੈ ਮੁਕਾਂਦਾ ਹੈ, ਤਾਂ ਫਿਰ ਮਨ ਨੂੰ ਹਉਮੈ ਦਾ ਜੰਗਾਲ ਨਹੀਂ ਲੱਗਦਾ ਤੇ ਮਨੁੱਖ, ਮਨ ਦੀ ਰਾਹੀਂ ਆਪਣੇ ਜੀਵਨ ਨੂੰ ਵੇਖ-ਪਰਖ ਸਕਦਾ ਹੈ। ਗੁਰੂ ਦੀ ਸਰਨ ਪਿਆ ਮਨੁੱਖ, ਗੁਰੂ ਦੀ ਪਵਿੱਤ੍ਰ ਬਾਣੀ ਨੂੰ, ਗੁਰੂ ਦੇ ਸ਼ਬਦ ਨੂੰ ਇਕ-ਰਸ ਆਪਣੇ ਅੰਦਰ ਪ੍ਰਬਲ ਕਰੀ ਰੱਖਦਾ ਹੈ, ਤੇ ਇਸ ਤਰ੍ਹਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਸਦਾ-ਥਰ ਪ੍ਰਭੂ ਵਿਚ ਲੀਨ ਰਹਿੰਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)