ਗੁਰਬਾਣੀ ਦੀ ਸਰਲ ਵਆਿਖਆਿ ਭਾਗ (341)
ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥ ਨਿਰਮਲ ਬਾਣੀ ਸਬਦਿ ਵਖਾਣਹਿ ॥
ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥5॥
ਜਦੋਂ ਕੋਈ ਵਡਭਾਗੀ ਬੰਦੇ ਗੁਰੂ ਦੇ ਸ਼ਬਦ ਦਾ ਸਵਾਦ ਜਾਣ ਲੈਂਦੇ ਹਨ, ਤਦੋਂ ਉਹ ਆਪਣੇ ਆਤਮਕ ਜੀਵਨ ਨੂੰ ਪਛਾਣਦੇ ਹਨ, ਪਰਖਦੇ-ਪੜਤਾਲਦੇ ਰਹਿੰਦੇ ਹਨ। ਗੁਰੂ ਦੀ ਪਵਿੱਤ੍ਰ ਬਾਣੀ ਦੀ ਰਾਹੀਂ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਸਿਫਤ-ਸਾਲਾਹ ਕਰਦੇ ਰਹਿੰਦੇ ਹਨ। ਸਦਾ-ਥਿਰ ਰਹਣ ਵਾਲੇ ਪ੍ਰਭੂ ਦਾ ਸਿਮਰਨ ਕਰ ਕੇ ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਤੇ ਪਰਮਾਤਮਾ ਦੇ ਨਾਮ ਨੂੰ ਉਹ ਆਪਣੇ ਮਨ ਵਿਚ ਇਉਂ ਵਸਾਂਦੇ ਹਨ, ਜਿਵੇਂ ਉਹ ਦੁਨੀਆ ਦੇ ਸਾਰੇ ਨੌਂ ਖਜ਼ਾਨੇ ਹੋਣ।5।
ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ ॥ ਸਤਸੰਗਤਿ ਬਹਿ ਹਰਿ ਗੁਣ ਗਾਇਆ ॥
ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ॥ 6॥
ਹੇ ਭਾਈ, ਉਹ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ ਜਿਹੜਾ ਪਰਮਾਤਮਾ ਦੇ ਮਨ ਵਿਚ ਪਿਆਰਾ ਲਗਦਾ ਹੈ, ਤੇ ਉਸੇ ਮਨੁੱਖ ਦਾ ਹਿਰਦਾ ਥਾਂ ਸੋਹਣਾ ਬਣਦਾ ਹੈ, ਜਿਸ ਨੇ ਸਾਧ-ਸੰਗਤ ਵਿਚ ਜੁੜ ਕੇ ਰੱਬ ਦੀ ਸਿਫਤ-ਸਾਲਾਹ ਦੇ ਗੀਤ ਗਾਏ ਹੋਣ। ਅਜਿਹੇ ਮਨੁੱਖ ਹਰ ਰੋਜ਼ ਸਦਾ-ਥਿਰ ਪ੍ਰਭੂ ਦੀ ਸਿਫਤ-ਸਾਲਾਹ ਕਰਦੇ ਹਨ, ਸਿਫਤ-ਸਾਲਾਹ ਦਾ ਪਵਿੱਤ੍ਰ ਵਾਜਾ ਵਜਾਂਦੇ ਹਨ।6।
ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥ ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥
ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥7॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਉਹੀ ਪੂੰਜੀ ਜੋੜਦੇ ਹਨ, ਉਹੀ ਖਿਲਾਰਾ ਖਿਲਾਰਦੇ ਹਨ, ਜਿਹੜਾ ਰੱਬੀ-ਟਕਸਾਲ ਵਿਚ ਖੋਟਾ ਮੰਨਿਆ ਜਾਂਦਾ ਹੈ। ਉਹ ਨਿਰੀ ਨਾਸਵੰਤ ਕਮਾਈ ਹੀ ਕਰਦੇ ਹਨ, ਤੇ ਬਹੁਤ ਆਤਮਕ ਦੁੱਖ-ਕਲੇਸ਼ ਪਾਂਦੇ ਹਨ। ਉਹ ਮਾਇਆ ਦੀ ਭਟਕਣਾ ਵਿਚ ਪੈ ਕੇ ਦਿਨ-ਰਾਤ ਕੁਰਾਹੇ ਫਿਰਦੇ ਰਹਿੰਦੇ ਹਨ, ਜਨਮ-ਮਰਨ ਦੇ ਗੇੜ ਵਿਚ ਪੈਂਦੇ ਹਨ ਤੇ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ।7।
ਸਚਾ ਸਾਹਿਬੁ ਮੈ ਅਤਿ ਪਿਆਰਾ ॥ ਪੂਰੇ ਗੁਰ ਕੈ ਸਬਦਿ ਅਧਾਰਾ ॥
ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥8॥10॥11॥
ਹੇ ਭਾਈ, ਸਦਾ-ਥਿਰ ਰਹਣ ਵਾਲਾ ਮਾਲਕ, ਹੁਣ ਮੈਨੂੰ ਬਹੁਤ ਪਿਆਰਾ ਲੱਗਦਾ ਹੈ, ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਸ ਮਾਲਕ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ। ਹੇ ਨਾਨਕ, ਪ੍ਰਭੂ ਦੇ ਨਾਮ ਵਿਚ ਜੁੜਿਆਂ, ਲੋਕ-ਪਰਲੋਕ ਵਿਚ ਇੱਜ਼ਤ ਮਿਲਦੀ ਹੈ। ਪ੍ਰਭੂ-ਨਾਮ ਵਿਚ ਜੁੜਨ ਵਾਲੇ ਬੰਦੇ, ਦੁਨੀਆ ਦੇ ਦੁੱਖ ਅਤੇ ਸੁਖ ਨੂੰ ਇਕੋ ਜਿਹਾ ਜਾਣਦੇ ਹਨ।8।10।11।
ਚੰਦੀ ਅਮਰ ਜੀਤ ਸਿੰਘ (ਚਲਦਾ)