ਗੁਰਬਾਣੀ ਦੀ ਸਰਲ ਵਆਿਖਆਿ ਭਾਗ (342)
ਮਾਝ ਮਹਲਾ 3 ॥
ਤੇਰੀਆ ਖਾਣੀ ਤੇਰੀਆ ਬਾਣੀ ॥ ਬਿਨੁ ਨਾਵੈ ਸਭ ਭਰਮਿ ਭੁਲਾਣੀ ॥
ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥1॥
ਹੇ ਪ੍ਰਭੂ, ਅੰਡਜ, ਜੇਰਜ, ਸੇਤਜ, ਉਤਭੁਜ, ਚੌਰਾਸੀ ਲੱਖ (ਬੇਗਿਣਤ) ਜੀਵਾਂ ਦੀ ਉਤਪੱਤੀ ਦੀਆਂ ਇਹ ਖਾਣਾਂ, ਤੇਰੀਆਂ ਹੀ ਬਣਾਈਆਂ ਹੋਇਆਂ ਹਨ। ਸਭ ਜੀਵਾਂ ਦੀ ਬਣਤਰ, ਰਚਨਾ, ਤੇਰੀ ਹੀ ਰਚੀ ਹੋਈ ਹੈ। ਪਰ ਹੇ ਭਾਈ, ਉਸ ਰਚਨਹਾਰ ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਹੀ ਹੈ। ਪਰਮਾਤਮਾ ਦਾ ਨਾਮ, ਗੁਰੂ ਦੀ ਦੱਸੀ ਸੇਵਾ ਕੀਤਿਆਂ ਮਿਲਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ।1।
ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥
ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥1॥ ਰਹਾਉ ॥
ਹੇ ਭਾਈ, ਮੈਂ ਉਨ੍ਹਾਂ ਵਡਭਾਗੀ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਵਾਰੀ ਜਾਂਦਾ ਹਾਂ, ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਆਪਣਾ ਚਿੱਤ ਜੋੜਦੇ ਹਨ। ਪਰ ਸਦਾ-ਥਿਰ ਰਹਣ ਵਾਲਾ ਪਰਮਾਤਮਾ, ਗੁਰੂ (ਸ਼ਬਦ ਗੁਰੂ) ਉੱਤੇ ਸ਼ਰਧਾ ਰੱਖਿਆਂ ਹੀ ਮਿਲਦਾ ਹੈ। ਜਿਹੜੇ ਮਨੁੱਖ ਗੁਰੂ ਉੱਤੇ ਸ਼ਰਧਾ ਬਣਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਂਦੇ ਹਨ।1।ਰਹਾਉ।
ਸਤਿਗੁਰ ਸੇਵੇ ਤਾ ਸਭ ਕਿਛੁ ਪਾਏ ॥ ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥
ਸਤਿਗੁਰ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥2॥
ਜੇ ਮਨੁੱਖ ਗੁਰੂ ਦਾ ਪੱਲਾ ਫੜੇ ਤਾਂ ਉਹ ਹਰੇਕ ਚੀਜ਼ ਪ੍ਰਾਪਤ ਕਰ ਲੈਂਦਾ ਹੈ। ਮਨੁੱਖ ਜਿਹੋ ਜਿਹੀ ਕਾਮਨਾ ਮਨ ਵਿਚ ਧਾਰ ਕੇ ਗੁਰੂ ਦੀ ਚਰਨੀਂ ਲਗਦਾ ਹੈ, ਉਹੋ ਜਿਹਾ ਫਲ ਪਾ ਲੈਂਦਾ ਹੈ। ਗੁਰੂ ਸਭ ਪਦਾਰਥਾਂ ਦਾ ਦੇਣ ਵਾਲਾ ਹੈ। ਪਰਮਾਤਮਾ ਜੀਵ ਨੂੰ ਉਸ ਦੀ ਪੂਰੀ ਕਿਸਮਤ ਦਾ ਸਦਕਾ ਗੁਰੂ ਨਾਲ ਮਿਲਾਂਦਾ ਹੈ।2।
ਇਹੁ ਮਨੁ ਮੈਲਾ ਇਕੁ ਨ ਧਿਆਏ ॥ ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥3॥
ਜਿੰਨਾ ਚਿਰ ਮਨੁੱਖ ਦਾ ਇਹ ਮਨ ਵਿਕਾਰਾਂ ਦੀ ਮੈਲ ਨਾਲ ਮੈਲਾ ਰਹਿੰਦਾ ਹੈ, ਤਦੋਂ ਤੱਕ ਮਨੁੱਖ ਇਕ ਪਰਮਾਤਮਾ ਨੂੰ ਨਹੀਂ ਸਿਮਰਦਾ। ਮਾਇਆ ਵਿਚ ਪਿਆਰ ਪਾਣ ਦੇ ਕਾਰਨ, ਮਨੁੱਖ ਦੇ ਅੰਦਰ, ਮਨ ਵਿਚ ਵਿਕਾਰਾਂ ਦੀ ਬਹੁਤ ਮੈਲ ਲੱਗੀ ਰਹਿੰਦੀ ਹੈ।
ਅਜਿਹੇ ਜੀਵਨ ਵਾਲਾ ਮਨੁੱਖ, ਕਿਸੇ ਨਦੀ ਦੇ ਕੰਢੇ ਤੇ ਜਾਂਦਾ ਹੈ, ਕਿਸੇ ਤੀਰਥ ਉੱਤੇ ਵੀ ਜਾਂਦਾ ਹੈ, ਹੋਰ ਹੋਰ ਦੇਸ ਵਿਚ ਭੌਂਦਾ ਹੈ, ਪਰ ਇਸ ਤਰ੍ਹਾਂ ਉਹ, ਤੀਰਥ-ਯਾਤ੍ਰਾ ਆਦਿ ਦੇ ਮਾਣ ਨਾਲ, ਹੋਰ ਵਧੀਕ ਹੰਕਾਰੀ ਹੋ ਜਾਂਦਾ ਹੈ। ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ।3।
ਸਤਿਗੁਰ ਸੇਵੇ ਤਾ ਮਲੁ ਜਾਏ ॥ ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥
ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥4॥
ਜਦੋਂ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਤਦੋਂ ਉਸ ਦੇ ਮਨ ਵਿਚੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ, ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਵੀ ਆਪਾ ਭਾਵ ਤੋਂ ਮਰਿਆ ਰਹਿੰਦਾ ਹੈ, ਤੇ ਪਰਮਾਤਮਾ ਦੇ ਚਰਨਾਂ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ। ਪਰਮਾਤਮਾ ਸਦਾ-ਥਿਰ ਰਹਣ ਵਾਲਾ ਹੈ, ਤੇ ਪਵਿੱਤ੍ਰ ਸਰੂਪ ਹੈ, ਉਸ ਨੂੰ ਹਉਮੈ ਆਦਿ ਵਿਕਾਰਾਂ ਦੀ ਮੈਲ ਪੋਹ ਨਹੀਂ ਸਕਦੀ।
ਜਿਹੜਾ ਮਨੁੱਖ ਉਸ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਹ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)