ਗੁਰਬਾਣੀ ਦੀ ਸਰਲ ਵਆਿਖਆਿ ਭਾਗ (343)
ਬਾਝੁ ਗੁਰੂ ਹੈ ਅੰਧ ਗੁਬਾਰਾ ॥ ਅਗਿਆਨੀ ਅੰਧਾ ਅੰਧੁ ਅੰਧਾਰਾ ॥
ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿiਰ ਬਿਸਟਾ ਮਾਹਿ ਪਚਾਵਣਿਆ ॥5॥
ਗੁਰੂ ਤੋਂ ਬਿਨਾ, ਜਗਤ ਵਿਚ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ। ਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ, ਉਸ ਵਿਚ ਅੱਨ੍ਹਾ ਹੋਇਆ ਰਹਿੰਦਾ ਹੈ। ਮੋਹ ਦੇ ਹਨੇਰੇ ਵਿਚ ਫਸੇ ਹੋਏ ਦੀ ਉਹੀ ਹਾਲਤ ਹੁੰਦੀ ਹੈ ਜਿਵੇਂ ਗੰਦ ਦੇ ਕੀੜੇ, ਗੰਦ ਖਾਣ ਦੀ ਕਮਾਈ ਹੀ ਕਰਦੇ ਹਨ ਤੇ ਫਿਰ ਗੰਦ ਵਿਚ ਹੀ ਦੁੱਖੀ ਹੁੰਦੇ ਰਹਿੰਦੇ ਹਨ।5।
ਮੁਕਤੇ ਸੇਵੇ ਮੁਕਤਾ ਹੋਵੈ ॥ ਹਉਮੈ ਮਮਤਾ ਸਬਦੇ ਖੋਵੈ ॥
ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰ ਪਾਵਣਿਆ ॥ 6॥
ਜਿਹੜਾ ਮਨੁੱਖ, ਮਾਇਆ ਦੇ ਮੋਹ ਤੋਂ ਮੁਕਤ ਗੁਰੂ ਦੀ ਸਰਨ ਲੈਂਦਾ ਹੈ, ਉਹ ਵੀ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਤੇ ਅਪਣੱਤ ਦੂਰ ਕਰ ਲੈਂਦਾ ਹੈ। ਗੁਰੂ ਦੀ ਸਰਨ ਦੀ ਬਰਕਤ ਨਾਲ ਉਹ ਹਰ ਰੋਜ਼, ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ। ਪਰ ਗੁਰੂ ਵੀ ਪੂਰੀ ਕਿਸਮਤ ਨਾਲ ਹੀ ਮਿਲਦਾ ਹੈ।6।
ਆਪੇ ਬਖਸੇ ਮੇਲਿ ਮਿਲਾਏ ॥ ਪੂਰੇ ਗੁਰ ਤੇ ਨਾਮੁ ਨਿਿਧ ਪਾਏ ॥
ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ ॥7॥
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬਖਸ਼ਿਸ਼ ਕਰਦਾ ਹੈ ਤੇ ਗੁਰੂ ਨਾਲ ਮਿਲਾਂਦਾ ਹੈ, ਉਹ ਮਨੁੱਖ ਪੂਰੇ ਗੁਰੂ ਪਾਸੋਂ ਨਾਮ-ਖਜ਼ਾਨਾ ਹਾਸਲ ਕਰ ਲੈਂਦਾ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਟਿਕੇ ਰਹਣ ਕਰ ਕੇ ਉਸ ਦਾ ਮਨ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ। ਸਦਾ ਥਿਰ ਰਹਣ ਵਾਲੇ ਪਰਮਾਤਮਾ ਦਾ ਸਿਮਰਨ ਕਰ ਕੇ, ਉਹ ਆਪਣਾ ਹਰ ਤਰ੍ਹਾਂ ਦਾ ਦੁੱਖ ਮਿਟਾ ਲੈਂਦਾ ਹੈ।7।
ਸਦਾ ਹਜੂਰਿ ਦੂਰਿ ਨ ਜਾਣਹੁ ॥ ਗੁਰ ਸਬਦੀ ਹਰਿ ਅੰਤਰਿ ਪਛਾਣਹੁ ॥
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥8॥11॥12॥
ਹੇ ਭਾਈ, ਪਰਮਾਤਮਾ, ਸਦਾ ਸਭ ਜੀਵਾਂ ਦੇ ਅੰਗ-ਸੰਗ ਵੱਸਦਾ ਹੈ, ਉਸ ਨੂੰ ਆਪਣੇ ਤੋਂ ਦੂਰ ਵੱਸਦਾ ਨਾ ਸਾਮਝੋ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਨਾਲ ਆਪਣੇ ਹਿਰਦੇ ਵਿਚ ਜਾਣ-ਪਛਾਣ ਬਣਾਉ। ਹੇ ਨਾਨਕ, ਪ੍ਰਭੂ ਦੇ ਨਾਮ ਵਿਚ ਜੁੜਿਆਂ ਲੋਕ-ਪਰਲੋਕ ਵਿਚ ਇੱਜ਼ਤ ਮਿਲਦੀ ਹੈ, ਪਰ ਪ੍ਰਭੂ ਦਾ ਨਾਮ, ਪੂਰੇ ਗੁਰੂ ਤੋਂ ਹੀ ਮਿਲਦਾ ਹੈ।8।11।12।
ਚੰਦੀ ਅਮਰ ਜੀਤ ਸਿੰਘ (ਚਲਦਾ)