ਗੁਰਬਾਣੀ ਦੀ ਸਰਲ ਵਆਿਖਆਿ ਭਾਗ (347)
ਬਿਨੁ ਰਾਸੀ ਕੋ ਵਥੁ ਕਿਉ ਪਾਏ ॥ ਮਨਮੁਖ ਭੂਲੇ ਲੋਕ ਸਬਾਏ ॥
ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ ॥5॥
ਪਰ ਜਿਸ ਮਨੁੱਖ ਦੇ ਪੱਲੇ ਆਤਮਕ ਗੁਣਾਂ ਦਾ ਸਰਮਾਇਆ ਨਹੀਂ ਹੈ, ਉਹ ਨਾਮ-ਵੱਖਰ ਕਿਵੇਂ ਲੈ ਸਕਦਾ ਹੈ ? ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਸਾਰੇ ਹੀ ਕੁਰਾਹੇ ਪਏ ਰਹਿੰਦੇ ਹਨ। ਆਤਮਕ ਗੁਣਾਂ ਦੇ ਸਰਮਾਏ ਤੋਂ ਬਿਨਾ ਸਭ ਜੀਵ, ਜਗਤ ਤੋਂ ਖਾਲੀ ਹੱਥ ਜਾ ਕੇ ਦੁੱਖ ਸਹਾਰਦੇ ਰਹਿੰਦੇ ਹਨ।5।
ਇਕਿ ਸਚੁ ਵਣੰਜਹਿ ਗੁਰ ਸਬਦਿ ਪਿਆਰੇ ॥ ਆਪਿ ਤਰਹਿ ਸਗਲੇ ਕੁਲ ਤਾਰੇ ॥
ਆਏ ਸੇ ਪਰਵਾਣੁ ਹੋਏ ਮਿiਲ ਪ੍ਰੀਤਮ ਸੁਖੁ ਪਾਵਣਿਆ ॥ 6॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਵਣਜਦੇ ਹਨ, ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਕੇ (ਏਥੇ ਸੰਸਾਰਿਕ ਕੁਲਾਂ ਦੀ ਨਹੀਂ ਆਤਮਕ ਕੁਲਾਂ ਦੀ ਗੱਲ ਹੈ) ਆਪ ਵੀ ਤਰ ਜਾਂਦੇ ਹਨ। ਜਗਤ ਵਿਚ ਆਏ ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦੇ ਹਨ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੇ ਹਨ ।6।
ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥ ਮਨਮੁਖ ਅੰਧੇ ਫਿਰਹਿ ਬੇਤਾਲੇ ॥
ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ ॥7॥
ਪਰਮਾਤਮਾ ਦਾ ਨਾਮ-ਪਦਾਰਥ ਹਰੇਕ ਮਨੁੱਖ ਦੇ ਹਿਰਦੇ ਵਿਚ ਹੈ, ਪਰ ਮੂਰਖ ਮਨੁੱਖ ਬਾਹਰਲਾ ਪਦਾਰਥ ਭਾਲਦਾ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਬਾਹਰਲੇ ਪਦਾਰਥਾਂ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਸਹੀ ਜੀਵਨ ਚਾਲ ਤੋਂ ਖੁੰਝੇ ਹੋਏ ਫਿਰਦੇ ਹਨ। ਜਿਸ ਗੁਰੂ ਦੇ ਕੋਲ ਇਹ ਨਾਮ-ਪਦਾਰਥ ਮੌਜੂਦ ਹੈ, ਕੋਈ ਮਨਮੁੱਖ ਉਥੋਂ ਪ੍ਰਾਪਤ ਨਹੀਂ ਕਰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੀ ਭਟਕਣਾ ਵਿਚ ਪੈ ਕੇ, ਕੁਰਾਹੇ ਤੁਰੇ ਫਿਰਦੇ ਹਨ।7।
ਆਪੇ ਦੇਵੈ ਸਬਦਿ ਬੁਲਾਏ ॥ ਮਹਲੀ ਮਹਲਿ ਸਹਜ ਸੁਖੁ ਪਾਏ ॥
ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ ॥8॥13॥14॥
ਪਰ ਜੀਵਾਂ ਦੇ ਕੀ ਵੱਸ ? ਪ੍ਰਭੂ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ ਇਹ ਨਾਮ-ਵਸਤ ਦੇਂਦਾ ਹੈ ਤੇ ਆਪ ਹੀ ਜੀਵਾਂ ਨੂੰ ਆਪਣੇ ਨੇੜੇ ਸੱਦਦਾ ਹੈ। ਜਿਸ ਨੂੰ ਸੱਦਦਾ ਹੈ, ਉਹ ਮਹਲ ਦੇ ਮਾਲਕ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਕੇ ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ। ਹੇ ਨਾਨਕ, ਜੋ ਮਨੁੱਖ ਪ੍ਰਭੂ-ਨਾਮ ਵਿਚ ਜੁੜਦਾ ਹੈ, ਉਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲਦਾ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪ੍ਰਭੂ ਆਪ ਹੀ ਜੀਵਾਂ ਦੀ ਅਰਜ਼ ਸੁਣ ਸੁਣ ਕੇ ਆਪ ਹੀ ਉਨ੍ਹਾਂ ਦਾ ਧਿਆਨ ਰੱਖਦਾ ਹੈ।8।13।14।
ਚੰਦੀ ਅਮਰ ਜੀਤ ਸਿੰਘ (ਚਲਦਾ)