ਗੁਰਬਾਣੀ ਦੀ ਸਰਲ ਵਆਿਖਆਿ ਭਾਗ (349)
ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥ ਸਦਾ ਸਮਾਲੇ ਕੋ ਨਾਹੀ ਖਾਲੀ ॥
ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥5॥
ਪਰ ਹੇ ਭਾਈ ਜੀਵਾਂ ਦੇ ਕੀ ਵੱਸ ? ਇਹ ਜਗਤ ਫੁੱਲਾਂ ਦੀ ਬਗੀਚੀ ਸਮਾਨ ਹੈ, ਪ੍ਰਭੂ ਆਪ ਇਸ ਬਗੀਚੀ ਦਾ ਮਾਲੀ ਹੈ। ਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ। ਪਰ ਜਿਹੋ-ਜਿਹੀ ਸੁਗੰਧੀ, ਜੀਵ ਫੁੱਲ ਦੇ ਅੰਦਰ, ਮਾਲੀ ਪ੍ਰਭੂ ਪਾਂਦਾ ਹੈ, ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ। ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ।5।
ਮਨਮੁਖੁ ਰੋਗੀ ਹੈ ਸੰਸਾਰਾ ॥ ਸੁਖਦਾਤਾ ਵਿਸਰਿਆ ਅਗਮ ਅਪਾਰਾ ॥
ਦੁਖੀਏ ਨਿiਤ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥6॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਸੰਸਾਰ ਵਿਕਾਰਾਂ ਵਿਚ ਪੈ ਕੇ ਰੋਗੀ ਹੋ ਰਿਹਾ ਹੈ, ਕਿਉਂਕਿ ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪਹੁੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ। ਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਨ੍ਹਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ।6।
ਜਿiਨ ਕੀਤੇ ਸੋਈ ਬਿiਧ ਜਾਣੈ ॥ ਆਪਿ ਕਰੇ ਤਾ ਹੁਕਮਿ ਪਛਾਣੈ ॥
ਜੇਹਾ ਅੰਦਰਿ ਪਾਏ ਤੇਹਾ ਵਰਤੈ ਆਪੇ ਬਾਹਰਿ ਪਾਵਣਿਆ ॥7॥
ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਨ੍ਹਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ। ਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ। ਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤਰ੍ਹਾਂ ਉਹ ਜੀਵ ਵਰਤੋਂ ਵਿਹਾਰ ਕਰਦਾ ਹੈ। ਪਰਮਾਤਮਾ ਆਪ ਹੀ ਜੀਵਾਂ ਨੂੰ ਦਿਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ।7।
ਤਿਸੁ ਬਾਝਹੁ ਸਚੇ ਮੈ ਹੋਰੁ ਨ ਕੋਈ ॥ ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥
ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥8॥14॥15॥
ਹੇ ਭਾਈ, ਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿਸਦਾ, ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ। ਜਿਸ ਮਨੁੱਖ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ, ਉਹ ਪਵਿੱਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਹੇ ਨਾਨਕ, ਉਸ ਦੀ ਮਿਹਰ ਨਾਲ ਹੀ, ਉਸ ਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ। ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ, ਉਹ ਹਾਸਲ ਕਰ ਲੈਂਦਾ ਹੈ ।8।14।15।
ਚੰਦੀ ਅਮਰ ਜੀਤ ਸਿੰਘ (ਚਲਦਾ)