ਗੁਰਬਾਣੀ ਦੀ ਸਰਲ ਵਆਿਖਆਿ ਭਾਗ (350)
ਮਾਝ ਮਹਲਾ 3 ॥
ਅੰਮ੍ਰਿਤ ਨਾਮੁ ਮੰਨਿ ਵਸਾਏ ॥ ਹਉਮੈ ਮੇਰਾ ਸਭੁ ਦੁਖੁ ਗਵਾਏ ॥
ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤੁ ਪਾਵਣਿਆ ॥1॥
ਜਿਹੜਾ ਮਨੁੱਖ, ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਤੇ ਮਮਤਾ ਦਾ ਦੁੱਖ ਦੂਰ ਕਰ ਲੈਂਦਾ ਹੈ, ਉਹ ਆਤਮਕ ਜੀਵਨ ਦੇਣ ਵਾਲੀ ਸਿਫਤ-ਸਾਲਾਹ ਦੀ ਬਾਣੀ ਰਾਹੀਂ ਸਦਾ ਪ੍ਰਭੂ ਦੀ ਸਿਫਤ-ਸਾਲਾਹ ਕਰਦਾ ਹੈ ਤੇ ਹਰ ਵੇਲੇ ਨਾਮ-ਅੰਮ੍ਰਿਤ ਦੇ ਘੁੱਟ ਹੀ ਪੀਂਦਾ ਹੈ।1।
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥
ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥1॥ ਰਹਾਉ ॥
ਮੈਂ ਉਸ ਮਨੁੱਖ ਤੋਂ ਸਦਾ ਸਦਕੇ, ਕੁਰਬਾਨ ਜਾਂਦਾ ਹਾਂ, ਜੋ ਆਤਮਕ ਜੀਵਨ ਦੇਣ ਵਾਲੀ ਸਿਫਤ-ਸਾਲਾਹ ਦੀ ਬਾਣੀ ਰਾਹੀਂ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ, ਜੋ ਅੰਮ੍ਰਿਤ ਬਾਣੀ ਮਨ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ-ਨਾਮ ਸਦਾ ਸਿਮਰਦਾ ਹੈ ।1।ਰਹਾਉ।
ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥ ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥
ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥2॥
ਜਿਹੜਾ ਮਨੁੱਖ, ਮੂੰਹ ਨਾਲ ਬਚਨਾਂ ਦੀ ਰਾਹੀਂ, ਸਦਾ ਆਤਮਕ ਜੀਵਨ-ਦਾਤਾ ਪ੍ਰਭੂ ਦਾ ਨਾਮ ਉਚਾਰਦਾ ਹੈ, ਉਹ ਅੱਖਾਂ ਨਾਲ ਵੀ ਸਦਾ ਜੀਵਨ-ਦਾਤੇ ਪਰਮਾਤਮਾ ਨੂੰ ਹਰ ਥਾਂ ਵੇਖਦਾ ਪਛਾਣਦਾ ਹੈ, ਉਹ ਜੀਵਨ-ਦਾਤੇ ਪ੍ਰਭੂ ਦੀ ਸਿਫਤ-ਸਾਲਾਹ ਸਦਾ ਦਿਨ-ਰਾਤ ਕਰਦਾ ਹੈ ਤੇ ਹੋਰਨਾ ਨੂੰ ਵੀ ਆਖ ਕੇ ਸੁਣਾਂਦਾ ਹੈ ।2।
ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥ ਅੰਮ੍ਰਿਤੁ ਗੁਰ ਪਰਸਾਦੀ ਪਾਏ ॥
ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥3॥
ਜਿਹੜਾ ਮਨੁੱਖ ਜੀਵਨ-ਦਾਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ, ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਉਸ ਜੀਵਨ-ਦਾਤੇ ਨੂੰ ਮਿਲ ਪੈਂਦਾ ਹੈ, ਉਹ ਦਿਨ-ਰਾਤ ਆਪਣੇ ਮਨ ਵਿਚ ਆਤਮਕ-ਜੀਵਨ ਦੇਣ ਵਾਲੇ ਪਰਮਾਤਮਾ ਨੂੰ ਹੀ ਯਾਦ ਕਰਦਾ ਹੈ, ਉਹ ਆਪਣੇ ਮਨ ਅਤੇ ਗਿਆਨ-ਇੰਦਰਿਆਂ ਦੇ ਰਾਹੀਂ, ਨਾਮ ਅੰਮ੍ਰਿਤ ਪੀਂਦਾ ਰਹਿੰਦਾ ਹੈ।3।
ਸੋ ਕਿਛੁ ਕਰੈ ਜੁ ਚਿiਤ ਨ ਹੋਈ ॥ ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥
ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥4॥
ਹੇ ਭਾਈ, ਰੱਬ ਉਹ ਕੁਝ ਕਰ ਦੇਂਦਾ ਹੈ, ਜੋ ਜੀਵ ਦੇ ਚਿੱਤ-ਚੇਤੇ ਵੀ ਨਹੀਂ ਹੁੰਦਾ। ਕੋਈ ਵੀ ਜੀਵ ਉਸ ਰੱਬ ਦਾ ਹੁਕਮ ਮੋੜ ਨਹੀਂ ਸਕਦਾ। ਉਸ ਦੇ ਹੁਕਮ ਅਨੁਸਾਰ ਹੀ ਕਿਸੇ ਵਡਭਾਗੀ ਮਨੁੱਖ ਦੇ ਹਿਰਦੇ ਵਿਚ ਉਸ ਦੀ ਆਤਮਕ ਜੀਵਨ-ਦਾਤੀ,ਸਿਫਤ-ਸਾਲਾਹ ਦੀ ਬਾਣੀ ਵੱਸ ਪੈਂਦੀ ਹੈ, ਉਹ ਆਪਣੇ ਹੁਕਮ ਅਨੁਸਾਰ ਹੀ ਕਿਸੇ ਵਡ-ਭਾਗੀ ਨੂੰ ਆਪਣਾ ਨਾਮ-ਅੰਮ੍ਰਿਤ ਪਿਆਂਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)