ਗੁਰਬਾਣੀ ਦੀ ਸਰਲ ਵਆਿਖਆਿ ਭਾਗ (352)
ਮਾਝ ਮਹਲਾ 3 ॥
ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥ ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥
ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥1॥
ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਟਿਕਦਾ ਹੈ, ਪ੍ਰਭੂ ਪ੍ਰੇਮ ਵਿਚ ਜੁੜਦਾ ਹੈ, ਤਦੋਂ ਉਸ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵਰਖਾ ਕਰਦਾ ਹੈ। ਪਰ ਇਹ ਦਾਤ ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਮਨੁੱਖ ਸਦਾ ਲਈ ਮਾਇਆ ਵਲੋਂ ਰੱਜ ਜਾਂਦੇ ਹਨ, ਪ੍ਰਭੂ ਮਿਹਰ ਕਰ ਕੇ ਉਨ੍ਹਾਂ ਦੀ iਤ੍ਰਸ਼ਨਾ ਮੁਕਾ ਦੇਂਦਾ ਹੈ।1।
ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥
ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥1॥ ਰਹਾਉ ॥
ਮੈਂ ਸਦਾ ਉਨ੍ਹਾਂ ਤੋਂ ਸਦਕੇ ਹਾਂ, ਕੁਰਬਾਨ ਹਾਂ, ਜਿਹੜੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ। ਜਿਨ੍ਹਾਂ ਦੀ ਰਸਨਾ, ਨਾਮ-ਰਸ ਖਾ ਕੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਸਦਾ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਗੁਣ ਗਾਂਦੇ ਰਹਿੰਦੇ ਹਨ।1।ਰਹਾਉ।
ਗੁਰ ਪਰਸਾਦੀ ਸਹਜੁ ਕੋ ਪਾਏ ॥ ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥
ਨਦਰਿ ਕਰੇ ਤਾ ਹਰਿ ਗੁਣ ਗਾਵੈ ਨਦਰੀ ਸਚਿ ਸਮਾਵਣਿਆ ॥2॥
ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ ਆਤਮਕ ਅਡੋਲਤਾ ਹਾਸਲ ਕਰਦਾ ਹੈ, ਜਿਸ ਦੀ ਬਰਕਤ ਨਾਲ ਉਹ ਮਨ ਦਾ ਦੁਚਿੱਤਾ-ਪਨ ਮਾਰ ਕੇ, ਸਿਰਫ ਪਰਮਾਤਮਾ ਦੇ ਚਰਨਾਂ ਨਾਲ ਲਗਨ ਲਾਈ ਰੱਖਦਾ ਹੈ। ਜਦੋਂ ਪਰਮਾਤਮਾ ਕਿਸੇ ਜੀਵ ਤੇ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿਦਾ ਹੈ।2।
ਸਭਨਾ ਉਪਰਿ ਨਦਰਿ ਪ੍ਰਭ ਤੇਰੀ ॥ ਕਿਸੈ ਥੋੜੀ ਕਿਸੈ ਹੈ ਘਣੇਰੀ ॥
ਤੁਝ ਤੇ ਬਾਹਰਿ ਕਿਛੁ ਨ ਹੋਵੈ ਗੁਰਮੁਖਿ ਸੋਝੀ ਪਾਵਣਿਆ ॥3॥
ਹੇ ਪ੍ਰਭੂ ਤੇਰੀ ਮਿਹਰ ਦੀ ਨਿਗਾਹ ਸਭ ਜੀਵਾਂ ਤੇ ਹੀ ਹੈ, ਕਿਸੇ ਤੇ ਥੋੜੀ ਹੈ, ਕਿਸੇ ਤੇ ਬਹੁਤੀ ਹੈ। ਤੈਥੋਂ ਬਾਹਰ, ਤੇਰੀ ਨਿਗਾਹ ਤੋਂ ਬਗੈਰ ਕੁਝ ਨਹੀਂ ਹੁੰਦਾ, ਇਹ ਸਮਝ ਉਸ ਮਨੁੱਖ ਨੂੰ ਪੈਂਦੀ ਹੈ, ਜੋ ਗੁਰੂ ਦੀ ਸਰਨ ਪੈਂਦਾ ਹੈ।3।
ਗੁਰਮੁਖਿ ਤਤੁ ਹੈ ਬੀਚਾਰਾ ॥ ਅੰਮ੍ਰਿਤ ਭਰੇ ਤੇਰੇ ਭੰਡਾਰਾ ॥
ਬਿਨੁ ਸਤਿਗੁਰ ਸੇਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ ॥4॥
ਹੇ ਪ੍ਰਭੂ, ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਨਾਲ ਤੇਰੇ ਖਜ਼ਾਨੇ ਭਰੇ ਪਏ ਹਨ, ਗੁਰੂ ਦੇ ਸਨਮੁਖ ਰਹਣ ਵਾਲੇ ਮਨੁੱਖ ਨੇ ਇਸ ਸਚਾਈ ਨੂੰ ਸਮਝਿਆ ਹੈ। ਗੁਰੂ ਦੇ ਸਨਮੁਖ ਰਹਣ ਵਾਲਾ ਮਨੁੱਖ ਜਾਣਦਾ ਹੈ ਕਿ, ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ ਨਾਮ-ਅੰਮ੍ਰਿਤ ਨਹੀਂ ਲੈ ਸਕਦਾ। ਗੁਰੂ ਦੀ ਕਿਰਪਾ ਨਾਲ ਹੀ ਹਾਸਲ ਕਰ ਸਕਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)