ਗੁਰਬਾਣੀ ਦੀ ਸਰਲ ਵਆਿਖਆਿ ਭਾਗ (353)
ਸਤਿਗੁਰੁ ਸੇਵੈ ਸੋ ਜਨੁ ਸੋਹੈ ॥ ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥
ਅੰਮ੍ਰਿiਤ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥5॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਹੋ ਜਾਂਦਾ ਹੈ, ਆਤਮਕ ਜੀਵਨ ਦੇਣ ਵਾਲੇ ਨਾਮ ਵਿਚ ਉਸ ਦਾ ਅੰਦਰਲਾ ਮਨ ਮਸਤ ਰਹਿੰਦਾ ਹੈ। ਉਸ ਮਨੁੱਖ ਦਾ ਮਨ, ਉਸ ਦਾ ਤਨ ਨਾਮ-ਅੰਮ੍ਰਿਤ ਨਾਲ, ਸਿਫਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਆਤਮਕ ਜੀਵਨ ਦੇਣ ਵਾਲੀ ਨਾਮ-ਧੁਨ ਨੂੰ ਸੁਣਦਾ ਰਹਿੰਦਾ ਹੈ।5।
ਮਨਮੁਖੁ ਭੂਲਾ ਦੂਜੈ ਭਾਇ ਖੁਆਏ ॥ ਨਾਮੁ ਨ ਲੇਵੈ ਮਰੈ ਬਿਖੁ ਖਾਏ ॥
ਅਨਦਿਨੁ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ ॥6॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੁਰਾਹੇ ਪੈ ਜਾਂਦਾ ਹੈ, ਮਾਇਆ ਦੇ ਪਿਆਰ ਵਿਚ ਰੁੱਝ ਕੇ ਸਹੀ ਜੀਵਨ ਰਾਹ ਤੋਂ ਖੁੰਝ ਜਾਂਦਾ ਹੈ। ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਮਾਇਆ ਦਾ ਮੋਹ ਰੂਪੀ ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਗੰਦ ਦੇ ਕੀੜੇ ਵਾਙ, ਉਸ ਮਨੁੱਖ ਦਾ ਨਿਵਾਸ ਸਦਾ, ਹਰ ਵੇਲੇ ਵਿਕਾਰਾਂ ਦੇ ਗੰਦ ਵਿਚ ਹੀ ਰਹਿੰਦਾ ਹੈ, ਪਰਮਾਤਮਾ ਦੀ ਸੇਵਾ ਭਗਤੀ ਤੋਂ ਬਿਨਾ ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ।6।
ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ ॥ ਗੁਰ ਪਰਸਾਦੀ ਸਹਜਿ ਲਿਵ ਲਾਏ ॥
ਪੂਰਨ ਪੂਰਿ ਰਹਿਆ ਸਭ ਆਪੇ ਗੁਰਮਤਿ ਨਦਰੀ ਆਵਣਿਆ ॥7॥
ਪਰ ਜੀਵਾਂ ਦੇ ਵੀ ਕੀ ਵੱਸ ? ਉਹੀ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਜਿਸ ਨੂੰ ਪਰਮਾਤਮਾ ਆਪ ਪਿਆਂਦਾ ਹੈ, ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ, ਪ੍ਰਭੂ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ। ਸੱਚੇ ਗੁਰੂ ਦੀ ਮੱਤ ਲੈ ਕੇ ਫਿਰ ਉਸ ਨੂੰ ਇਹ ਪ੍ਰਤੱਖ ਦਿਸਦਾ ਹੈ ਕਿ ਸਰਬ-ਵਿਆਪਕ ਪ੍ਰਭੂ ਹਰ ਥਾਂ ਆਪ ਹੀ ਮੌਜੂਦ ਹੈ।7।
ਆਪੇ ਆਪਿ ਨਿਰੰਜਨੁ ਸੋਈ ॥ ਜਿiਨ ਸਿਰਜੀ ਤਿiਨ ਆਪੇ ਗੋਈ ॥
ਨਾਨਕ ਨਾਮੁ ਸਮਾਲਿ ਸਦਾ ਤੂੰ ਸਹਜੇ ਸਚਿ ਸਮਾਵਣਿਆ ॥8॥16॥17॥
ਹੇ ਭਾਈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਪਰਮਾਤਮਾ, ਹਰ ਥਾਂ ਆਪ ਹੀ ਆਪ ਮੌਜੂਦ ਹੈ। ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ ਇਸ ਨੂੰ ਨਾਸ ਕਰਦਾ ਹੈ।
ਹੇ ਨਾਨਕ, ਤੂੰ ਉਸ ਪ੍ਰਭੂ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖ। ਨਾਮ ਸਿਮਰਨ ਦੀ ਬਰਕਤ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਸਦਾ-ਥਿਰ ਪ੍ਰਭੂ ਵਿਚ ਸਦਾ ਲੀਨ ਰਹੀਦਾ ਹੈ ।8।16।17।
ਚੰਦੀ ਅਮਰ ਜੀਤ ਸਿੰਘ (ਚਲਦਾ)