ਗੁਰਬਾਣੀ ਦੀ ਸਰਲ ਵਆਿਖਆਿ ਭਾਗ (355)
ਜੋ ਸਚਿ ਰਾਤੇ ਤਿਨ ਸਚੀ ਲਿਵ ਲਾਗੀ ॥ ਹਰਿ ਨਾਮੁ ਸਮਾਲਹਿ ਸੇ ਵਡਭਾਗੀ ॥
ਸਚੈ ਸਬਦਿ ਆਪਿ ਮਿਲਾਏ ਸਤਸੰਗਤਿ ਸਚੁ ਗੁਣ ਗਾਵਣਿਆ ॥5॥
ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਨ੍ਹਾਂ ਦੇ ਅੰਦਰ ਪ੍ਰਭੂ ਦੇ ਚਰਨਾਂ ਵਾਸਤੇ ਸਦਾ ਕਾਇਮ ਰਹਣ ਵਾਲੀ ਲਗਨ ਪੈਦਾ ਹੋ ਜਾਂਦੀ ਹੈ। ਉਹ ਵੱਡੇ ਭਾਗਾਂ ਵਾਲੇ ਮਨੁੱਖ, ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸਿਫਤ-ਸਾਲਾਹ ਦੀ ਬਾਣੀ ਵਿਚ ਜੋੜਦਾ ਹੈ, ਉਹ ਸਾਧ-ਸੰਗਤ ਵਿਚ ਰਹਿ ਕੇ ਸਦਾ-ਥਿਰ ਪਰਮਾਤਮਾ ਨੂੰ ਸਿਮਰਦੇ ਹਨ, ਉਸ ਦੇ ਗੁਣ ਗਾਂਦੇ ਹਨ।5।
ਲੇਖਾ ਪੜੀਐ ਜੇ ਲੇਖੇ ਵਿਿਚ ਹੋਵੈ ॥ ਓਹੁ ਅਗਮੁ ਅਗੋਚਰੁ ਸਬਦਿ ਸੁਧਿ ਹੋਵੈ ॥
ਅਨਦਿਨੁ ਸਚ ਸਬਦਿ ਸਾਲਾਹੀ ਹੋਰ ਕੋਇ ਨ ਕੀਮਤਿ ਪਾਵਣਿਆ ॥6॥
ਹੇ ਭਾਈ ਉਸ ਪਰਮਾਤਮਾ ਦੀ ਕੁਦਰਤ ਦਾ, ਉਸ ਦੀ ਹਸਤੀ ਦਾ, ਉਸ ਦੇ ਗੁਣਾਂ ਦਾ ਪੂਰਾ ਗਿਆਨ ਪ੍ਰਾਪਤ ਕਰਨ ਦਾ ਜਤਨ ਵਿਅਰਥ ਹੈ, ਉਸ ਦਾ ਸਰੂਪ ਲੇਖਿਆਂ ਤੋਂ ਬਾਹਰ ਹੈ। ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ ਇੰਦਰਿਆਂ ਦੀ ਪਹੁੰਚ ਉਸ ਤੱਕ ਨਹੀਂ ਹੋ ਸਕਦੀ। ਪਰ ਪਰਮਾਤਮਾ ਦੀ ਇਸ ਅਗਾਧਤਾ ਦੀ ਸਮਝ ਗੁਰੂ ਦੇ ਸ਼ਬਦ ਦੀ ਰਾਹੀਂ ਹੁੰਦੀ ਹੈ। ਮੈਂ ਤਾਂ ਹਰ ਵੇਲੇ ਪ੍ਰਭੂ ਦੀ ਸਿਫਤ-ਸਾਲਾਹ ਦੀ ਬਾਣੀ ਦੀ ਰਾਹੀਂ, ਉਸ ਦੀ ਸਿਫਤ-ਸਾਲਾਹ ਹੀ ਕਰਦਾ ਹਾਂ। ਕੋਈ ਵੀ ਹੋਰ ਐਸਾ ਨਹੀਂ ਜਿਸ ਨੂੰ ਉਸ ਪਰਮਾਤਮਾ ਦੇ ਬਰਾਬਰ ਦਾ, ਕਿਹਾ ਜਾ ਸਕੇ।6।
ਪੜਿ ਪੜਿ ਥਾਕੇ ਸਾਂਤਿ ਨ ਆਈ ॥ ਤ੍ਰਿਸਨਾ ਜਾਲੇ ਸੁਧਿ ਨ ਕਾਈ ॥
ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ ॥7॥
ਪਰਮਾਤਮਾ ਦਾ ਅੰਤ ਪਾਣ ਵਾਸਤੇ ਅਨੇਕਾਂ ਪੁਸਤਕਾਂ ਪੜ੍ਹ ਪੜ੍ਹ ਕੇ ਵਿਦਵਾਨ ਲੋਕ ਥੱਕ ਗਏ, ਪ੍ਰਭੂ ਦਾ ਸਰੂਪ ਵੀ ਨਾ ਸਮਝ ਸਕੇ, ਤੇ ਆਤਮਕ ਅਡੋਲਤਾ ਵੀ ਪ੍ਰਾਪਤ ਨਾ ਹੋਈ, ਸਗੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਹੀ ਸੜਦੇ ਰਹੇ। ਉਹ ਆਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਰ ਹੀ ਇਕੱਠੀ ਕਰਦੇ ਰਹਿੰਦੇ ਹਨ, ਇਸ ਮਾਇਆ ਜ਼ਹਰ ਦੇ ਮੋਹ ਦੀ ਹੀ ਉਨ੍ਹਾਂ ਨੂੰ ਤ੍ਰੇਹ ਲੱਗੀ ਰਹਿੰਦੀ ਹੈ, ਝੂਠ ਬੋਲ ਕੇ ਉਹ ਇਸ ਜ਼ਹਰ ਨੂੰ ਹੀ ਆਪਣੀ ਆਤਮਕ ਖੁਰਾਕ ਬਣਾਈ ਰੱਖਦੇ ਹਨ ।7।
ਗੁਰ ਪਰਸਾਦੀ ਏਕੋ ਜਾਣਾ ॥ ਦੂਜਾ ਮਾਰਿ ਮਨੁ ਸਚਿ ਸਮਾਣਾ ॥
ਨਾਨਕ ਏਕੋ ਨਾਮੁ ਵਰਤੈ ਮਨ ਅੰਤਰਿ ਗੁਰ ਪਰਸਾਦੀ ਪਾਵਣਿਆ ॥ 8॥17॥18॥
ਹੇ ਨਾਨਕ ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਸਿਰਫ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ, ਪ੍ਰਭੂ ਤੋਂ ਬਿਨਾ ਹੋਰ ਪਿਆਰ ਨੂੰ ਮਾਰ ਕੇ ਉਸ ਦਾ ਮਨ ਸਦਾ-ਥਿਰ ਰਹਣ ਵਾਲੇ ਪ੍ਰਭੂ ਵਿਚ ਲੀਨ ਹੋ ਗਿਆ। ਜਿਨ੍ਹਾਂ ਦੇ ਮਨ ਵਿਚ ਸਿਰਫ ਰੱਬ ਦਾ ਨਾਮ ਹੀ ਵੱਸਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਰੱਬ ਦੇ ਚਰਨਾਂ ਦਾ ਮਿਲਾਪ ਹਾਸਲ ਕਰ ਲੈਂਦੇ ਹਨ।8।17।18।
ਚੰਦੀ ਅਮਰ ਜੀਤ ਸਿੰਘ (ਚਲਦਾ)