ਗੁਰਬਾਣੀ ਦੀ ਸਰਲ ਵਿਆਖਿਆ ਭਾਗ(205)
ਸਿਰੀਰਾਗੁ ਮਹਲਾ 3 ॥
ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ ॥
ਜਿ ਸਤਿਗੁਰੁ ਸੇਵਨਿ ਸੇ ਉਬਰੇ ਹਰਿ ਸੇਤੀ ਲਿਵ ਲਾਇ ॥1॥
ਜਿਹੜੇ ਮਨੁੱਖ, ਕੁਝ ਮਿਥੇ ਹੋਏ ਧਾਰਮਿਕ ਕਰਮ ਕਰਦੇ ਹਨ, ਤੇ ਇਹ ਹਉਮੈ ਵੀ ਕਰਦੇ ਹਨ ਕਿ ਅਸੀਂ ਧਾਰਮਿਕ ਕਰਮ ਕਰਦੇ ਹਾਂ, ਉਨ੍ਹਾਂ ਦੇ ਸਿਰ ਉੱਤੇ ਜਮ ਦਾ ਡੰਡਾ ਆ ਕੇ ਵੱਜਦਾ ਹੈ। ਪਰ ਜਿਹੜੇ ਮਨੁੱਖ ਗੁਰੂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ ਚਰਨਾਂ ਵਿਚ ਸੁਰਤ ਜੋੜ ਕੇ ਇਸ ਮਾਰ ਤੋਂ ਬਚ ਜਾਂਦੇ ਹਨ। 1।
ਮਨ ਰੇ ਗੁਰਮੁਖਿ ਨਾਮੁ ਧਿਆਇ ॥
ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥1॥ ਰਹਾਉ ॥
ਹੇ ਮੇਰੇ ਮਨ, ਸ਼ਬਦ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ। ਨਾਮ ਬੜੀ ਦੁਲੱਭ ਦਾਤ ਹੈ, ਗੁਰੂ ਦੀ ਸਿਖਿਆ ਤੇ ਤੁਰ ਕੇ, ਉਨ੍ਹਾਂ ਬੰਦਿਆਂ ਦੀ ਹੀ ਪ੍ਰਭੂ ਦੇ ਨਾਮ ਵਿਚ ਸੁਰਤ ਜੁੜਦੀ ਹੈ, ਜਿਨ੍ਹਾਂ ਦੇ ਮੱਥੇ ਤੇ ਕਰਤਾਰ ਨੇ ਧੁਰ ਤੋਂ ਹੀ, ਉਨ੍ਹਾਂ ਦੇ ਪਹਿਲੇ ਜਨਮ ਦੀ ਕੀਤੀ ਨੇਕ ਕਮਾਈ ਅਨੁਸਾਰ ਲੇਖ ਲਿਖ ਦਿੱਤਾ ਹੈ ।1।ਰਹਾਉ॥
ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ ਲਾਗੋ ਭਾਉ ॥
ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ ॥2॥
ਗੁਰੂ ਦੀ ਸਰਨ ਪੈਣ ਤੋਂ ਬਿਨਾ, ਮਨੁੱਖ ਦੇ ਮਨ ਵਿਚ ਪਰਮਾਤਮਾ ਵਾਸਤੇ ਸ਼ਰਧਾ ਪੈਦਾ ਨਹੀਂ ਹੁੰਦੀ, ਨਾ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣਦਾ ਹੈ, ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ ਸੁਪਨੇ ਵਿਚ ਵੀ ਸੁਖ ਨਸੀਬ ਨਹੀਂ ਹੁੰਦਾ, ਉਹ ਸਦਾ ਦੁੱਖਾਂ ਵਿਚ ਹੀ ਘਿਰਿਆ ਰਹਿੰਦਾ ਹੈ।2।
ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ ॥
ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ ॥3॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੈ ਮਨੁੱਖ ਵਾਸਤੇ ਜੇ ਇਹ ਤਾਂਘ ਵੀ ਕਰੀਏ ਕਿ ਉਹ ਪਰਮਾਤਮਾ ਦਾ ਸਿਮਰਨ ਕਰੇ, ਤਾਂ ਵੀ ਇਸ ਤਾਂਘ ਤੇ ਪ੍ਰੇਰਨਾ ਵਿਚ ਸਫਲਤਾ ਨਹੀਂ ਮਿਲਦੀ, ਕਿਉਂਕਿ ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦਾ ਪ੍ਰਭਾਵ ਮਿਟਾਇਆ ਨਹੀਂ ਜਾ ਸਕਦਾ। ਭਗਤ-ਜਨ ਹੀ ਪ੍ਰਭੂ ਦੀ ਰਜ਼ਾ ਨੂੰ ਮੰਨਦੇ ਹਨ, ਉਹ ਭਗਤ ਹੀ ਪ੍ਰਭੂ ਦੇ ਦਰ ਤੇ ਪ੍ਰਵਾਨ ਹੁੰਦੇ ਹਨ ।3।
ਗੁਰ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨਾ ਜਾਇ ॥
ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥4॥
ਗੁਰੂ ਪ੍ਰੇਮ ਨਾਲ ਆਪਣਾ ਸ਼ਬਦ, ਸਰਨ ਆਏ ਮਨੁੱਖ ਦੇ ਹਿਰਦੇ ਵਿਚ ਪੱਕਾ ਕਰਦਾ ਹੈ, ਪਰ ਗੁਰੂ ਵੀ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਨਹੀਂ ਮਿਲਦਾ। ਗੁਰੂ ਤੋਂ ਬੇਮੁੱਖ ਮਨੁੱਖ, ਮਾਨੋ ਐਸਾ ਰੁੱਖ ਹੈ ਕਿ, ਜੇ ਉਸ ਨੂੰ ਸੌ ਵਾਰੀ ਵੀ ਅੰਮ੍ਰਿਤ ਨਾਲ ਸਿੰਜੀਏ ਤਾਂ ਵੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲਗਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)