ਗੁਰਬਾਣੀ ਦੀ ਸਰਲ ਵਿਆਖਿਆ ਭਾਗ(274)
ਸਿਰੀਰਾਗੁ ॥
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
ਕਨਕ ਕਟਿਕ ਜਲ ਤਰੰਗ ਜੈਸਾ ॥1॥
ਹੇ ਪਰਮਾਤਮਾ, ਤੇਰੀ ਮੇਰੇ ਨਾਲੋਂ, ਮੇਰੀ ਤੇਰੇ ਨਾਲੋਂ ਅਸਲ ਵਿੱਥ ਕਿਹੋ-ਜਿਹੀ ਹੈ ? ਉਹੋ ਜਿਹੀ ਹੀ ਹੈ , ਜਿਹੀ ਸੋਨੇ ਤੇ ਸੋਨੇ ਦੇ ਗਹਣਿਆਂ ਦੀ ਜਾਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਦੀ ।1।
ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥
ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥1॥ ਰਹਾਉ ॥
ਹੇ ਬੇ-ਅੰਤ ਪ੍ਰਭੂ ਜੀ, ਜੇ ਅਸੀਂ ਜੀਵ ਪਾਪ ਨਾ ਕਰਦੇ ਤਾਂ ਤੇਰਾ ਨਾਮ, ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ 'ਪਤਿਤ-ਪਾਵਨ' ਕਿਵੇਂ ਹੋ ਜਾਂਦਾ ?।1।ਰਹਾਉ।
ਤੁਮ੍ ਜੁ ਨਾਇਕ ਆਛਹੁ ਅੰਤਰਜਾਮੀ ॥
ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥2॥
ਹੇ ਸਾਡੇ ਦਿਲਾਂ ਦੀ ਜਾਨਣਹਾਰ ਪ੍ਰਭੂ, ਤੂੰ ਜੋ ਸਾਡਾ ਮਾਲਕ ਹੈਂ, ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ, ਆਪਣੇ 'ਪਤਿਤ-
ਪਾਵਨ' ਨਾਮ ਦੀ ਲਾਜ ਰੱਖ। ਮਾਲਕ ਨੂੰ ਵੇਖ ਕੇ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ-ਜਿਹਾ ਹੈ ? ਤੇ ਸੇਵਕ ਤੋਂ ਮਾਲਕ ਦੀ ਪਰਖ ਹੋ ਜਾਂਦੀ ਹੈ।2।
ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥
ਰਵਿਦਾਸ ਸਮ ਦਲ ਸਮਝਾਵੈ ਕੋਊ ॥3॥
ਹੇ ਪ੍ਰਭੂ ਮੈਨੂੰ ਇਹ ਸੂਝ ਬਖਸ਼ ਕਿ ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ ਤਦ ਤਾਈਂ ਮੈਂ ਤੇਰਾ ਸਿਮਰਨ ਕਰਾਂ। ਇਹ ਵੀ ਮਿਹਰ ਕਰ ਕਿ ਰਵਿਦਾਸ ਨੂੰ ਕੋਈ ਸੰਤ-ਜਨ ਇਹ ਸਮਝ ਵੀ ਦੇ ਦੇਵੇ ਕਿ ਤੂੰ ਸਰਬ-ਵਿਆਪਕ ਹੈਂ।3।
ਭਾਵ:-ਅਸਲ ਵਿਚ ਪਰਮਾਤਮਾ ਤੇ ਜੀਵਾਂ ਵਿਚ ਕੋਈ ਭਿੱਨ-ਭੇਦ ਨਹੀਂ ਹੈ। ਉਹ ਆਪ ਹੀ ਸਭ ਥਾਈਂ ਵਿਆਪਕ ਹੈ, ਜੀਵ ਉਸ ਨੂੰ ਭੁਲਾ ਕੇ, ਪਾਪਾਂ ਵਿਚ ਪੈ ਕੇ ਉਸ ਤੋਂ ਵੱਖਰੇ ਪ੍ਰਤੀਤ ਹੁੰਦੇ ਹਨ। ਆਖਰ ਉਹ ਆਪ ਹੀ ਕੋਈ ਸੰਤ-ਜਨ ਮਿਲਾ ਕੇ ਭੁੱਲੇ ਜੀਵਾਂ ਨੂੰ ਆਪਣਾ ਅਸਲ ਸਰੂਪ ਵਿਖਾਂਦਾ ਹੈ।
ਚੰਦੀ ਅਮਰ ਜੀਤ ਸਿੰਘ (ਚਲਦਾ)