ਗੁਰਬਾਣੀ ਦੀ ਸਰਲ ਵਆਿਖਆਿ ਭਾਗ (356)
ਮਾਝ ਮਹਲਾ 3 ॥
ਵਰਨ ਰੂਪ ਵਰਤਹਿ ਸਭ ਤੇਰੇ ॥ ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ ॥
ਤੂੰ ਏਕੋ ਨਿਹਚਲੁ ਅਗਮ ਅਪਾਰਾ ਗੁਰਮਤੀ ਬੂਝ ਬੁਝਾਵਣਿਆ ॥1॥
ਹੇ ਪ੍ਰਭੂ, ਜਗਤ ਵਿਚ ਬੇਅੰਤ ਜੀਵ ਹਨ, ਇਨ੍ਹਾਂ ਸਭਨਾਂ ਵਿਚ ਤੇਰੇ ਹੀ ਵੱਖ ਵੱਖ ਰੂਪ ਦਿਸ ਰਹੇ ਹਨ, ਤੇਰੇ ਹੀ ਵੱਖ ਵੱਖ ਰੰਗ ਦਿਸ ਰਹੇ ਹਨ। ਇਹ ਬੇਅੰਤ ਜੀਵ ਮੁੜ ਮੁੜ ਕੇ ਜੰਮਦੇ ਮਰਦੇ ਰਹਿੰਦੇ ਹਨ, ਇਨ੍ਹਾਂ ਨੂੰ ਜਨਮ-ਮਰਨ ਦੇ ਕਈ ਗੇੜ ਪਏ ਰਹਿੰਦੇ ਹਨ। ਹੇ ਪ੍ਰਭੂ ਸਿਰਫ ਤੂੰ ਹੀ ਅਟੱਲ ਹੈਂ, ਅਪਹੁੰਚ ਹੈਂ, ਬੇਅੰਤ ਹੈਂ, ਇਹ ਸਮਝ ਤੂੰ ਹੀ ਗੁਰੂ ਦੀ ਮੱਤ ਤੇ ਤੋਰ ਕੇ ਜੀਵਾਂ ਨੂੰ ਦੇਂਦਾ ਹੈਂ ।1।
ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥
ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥1॥ ਰਹਾਉ ॥
ਮੈਂ ਉਨ੍ਹਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜਿਹੜੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ। ਉਸ ਪਰਮਾਤਮਾ ਦਾ ਕੋਈ ਖਾਸ ਰੂਪ ਨਹੀਂ, ਕੋਈ ਖਾਸ ਚਿਹਨ-ਚੱਕਰ ਨਹੀਂ, ਕੋਈ ਖਾਸ ਰੰਗ ਨਹੀਂ। ਉਹ ਆਪ ਹੀ ਜੀਵਾਂ ਨੂੰ, ਗੁਰੂ ਦੀ ਮੱਤ ਦੀ ਰਾਹੀਂ, ਆਪਣੀ ਸੂਝ ਦੇਂਦਾ ਹੈ ।1।ਰਹਾਉ।
ਸਭ ਏਕਾ ਜੋਤਿ ਜਾਣੈ ਜੇ ਕੋਈ ॥ ਸਤਿਗੁਰ ਸੇਵਿਐ ਪਰਗਟੁ ਹੋਈ ॥
ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ ॥2॥
ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਦੀ ਜੋਤ ਹੀ ਮੌਜੂਦ ਹੈ। ਪਰ ਇਹ ਸਮਝ ਕਿਸੇ ਵਿਰਲੇ ਮਨੁੱਖ ਨੂੰ ਹੀ ਪੈਂਦੀ ਹੈ।
ਗੁਰੂ ਦੀ ਸਰਨ ਪਿਆਂ ਹੀ, ਸਭ ਜੀਵਾਂ ਵਿਚ ਵਿਆਪਕ ਜੋਤ, ਪ੍ਰਤੱਖ ਦਿਸਣ ਲੱਗ ਪੈਂਦੀ ਹੈ। ਸਭ ਥਾਵਾਂ ਵਿਚ ਪਰਮਾਤਮਾ ਦੀ ਜੋਤ ਲੁਕਵੀਂ ਵੀ ਮੌਜੂਦ ਹੈ ਤੇ ਪ੍ਰਤੱਖ ਵੀ ਮੌਜੂਦ ਹੈ। ਪ੍ਰਭੂ ਦੀ ਜੋਤ ਹਰੇਕ ਜੀਵ ਦੀ ਜੋਤ ਵਿਚ ਮਿਲੀ ਹੋਈ ਹੈ।2।
ਤਿਸਨਾ ਅਗਨਿ ਜਲੈ ਸੰਸਾਰਾ ॥ ਲੋਭੁ ਅਭਿਮਾਨੁ ਬਹੁਤੁ ਅਹੰਕਾਰਾ ॥
ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ ॥3॥
ਹੇ ਭਾਈ, ਜਗਤ, ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ, ਇਸ ਉੱਤੇ ਲੋਭ ਅਭਿਮਾਨ ਅਹੰਕਾਰ ਆਪੋ ਆਪਣਾ ਜੋਰ ਪਾ ਰਿਹਾ ਹੈ। ਤ੍ਰਿਸ਼ਨਾ ਦੀ ਅੱਗ ਦੇ ਕਾਰਨ ਜਗਤ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ, ਆਪਣੀ ਇੱਜ਼ਤ ਗਵਾ ਰਿਹਾ ਹੈ, ਤੇ ਆਪਣਾ ਮਨੁੱਖਾ ਜਨਮ ਵਿਅਰਥ ਜ਼ਾਇਆ ਕਰ ਰਿਹਾ ਹੈ।3।
ਗੁਰ ਕਾ ਸਬਦੁ ਕੋ ਵਿਰਲਾ ਬੂਝੈ ॥ ਆਪੁ ਮਾਰੇ ਤਾ ਤ੍ਰਿਭਵਣੁ ਸੂਝੈ ॥
ਫਿiਰ ਓਹੁ ਮਰੈ ਨ ਮਰਣਾ ਹੋਵੈ ਸਹਜੇ ਸਚਿ ਸਮਾਵਣਿਆ ॥4॥
ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ, ਜਿਹੜਾ ਸਮਝਦਾ ਹੈ, ਉਹ ਜਦੋਂ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਦਾ ਹੈ, ਤਦੋਂ ਉਹ ਪਰਮਾਤਮਾ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਜਾਣ ਲੈਂਦਾ ਹੈ। ਇਸ ਅਵਸਥਾ ਤੇ ਪਹੁੰਚ ਕੇ ਮੁੜ ਉਹ ਆਤਮਕ ਮੌਤ ਨਹੀਂ ਸਹੇੜਦਾ, ਆਤਮਕ ਮੌਤ ਉਸ ਦੇ ਨੇੜੇ ਨਹੀਂ ਆਉਂਦੀ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)