ਗੁਰਬਾਣੀ ਦੀ ਸਰਲ ਵਆਿਖਆਿ ਭਾਗ (358)
ਮਾਝ ਮਹਲਾ 3 ॥
ਨਿਰਮਲ ਸਬਦੁ ਨਿਰਮਲ ਹੈ ਬਾਣੀ ॥ ਨਿਰਮਲ ਜੋਤਿ ਸਭ ਮਾਹਿ ਸਮਾਣੀ ॥
ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥1॥
ਪਰਮਾਤਮਾ ਦੀ ਪਵਿੱਤ੍ਰ ਜੋਤ ਸਭ ਜੀਵਾਂ ਵਿਚ ਸਮਾਈ ਹੋਈ ਹੈ। ਉਸ ਦੀ ਸਿਫਤ-ਸਾਲਾਹ ਦਾ ਸ਼ਬਦ, ਸਭ ਨੂੰ ਪਵਿੱਤ੍ਰ ਕਰਨ ਵਾਲਾ ਹੈ, ਉਸ ਦੀ ਸਿਫਤ-ਸਾਲਾਹ ਦੀ ਬਾਣੀ, ਸਭ ਨੂੰ ਪਵਿੱਤ੍ਰ ਕਰਨ ਵਾਲੀ ਹੈ। ਹੇ ਭਾਈ, ਮੈਂ ਉਸ ਹਰੀ ਦੀ ਪਵਿੱਤ੍ਰ ਬਾਣੀ ਦੀ ਰਾਹੀਂ ਉਸ ਦੀ ਸਿਫਤ-ਸਾਲਾਹ ਕਰਦਾ ਹਾਂ। ਪਰਮਾਤਮਾ ਦਾ ਨਾਮ ਜਪ ਕੇ ਪਵਿੱਤ੍ਰ ਹੋ ਜਾਈਦਾ ਹੈ, ਵਿਕਾਰਾਂ ਦੀ ਮੈਲ, ਮਨ ਵਿਚੋਂ ਦੂਰ ਕਰ ਲਈਦੀ ਹੈ।1।
ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥
ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥1॥ ਰਹਾਉ ॥
ਮੈਂ ਉਨ੍ਹਾਂ ਤੋਂ ਸਦਕੇ ਹਾਂ, ਕੁਰਬਾਨ ਹਾਂ, ਜਿਹੜੇ ਸੁਖ ਦੇਣ ਵਾਲੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ। ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ, ਪਵਿੱਤ੍ਰ ਪਰਮਾਤਮਾ ਦੀ ਸਿਫਤ-ਸਾਲਾਹ ਕਰਦਾ ਹਾਂ। ਗੁਰੂ ਦਾ ਸ਼ਬਦ ਸੁਣ ਕੇ ਹੀ ਮੈਂ ਆਪਣੇ ਅੰਦਰੋਂ ਮਾਇਆ ਦੀ
ਤ੍ਰਿਸ਼ਨਾ ਮਿਟਾਂਦਾ ਹਾਂ।1।ਰਹਾਉ।
ਨਿਰਮਲ ਨਾਮੁ ਵਸਿਆ ਮਨਿ ਆਏ ॥ ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥
ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥2॥
ਜਿਸ ਮਨੁੱਖ ਦੇ ਮਨ ਵਿਚ ਪਵਿੱਤ੍ਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਸ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਉਸ ਦਾ ਤਨ ਪਵਿੱਤ੍ਰ ਹੋ ਜਾਂਦਾ ਹੈ, ਆਪਣੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ। ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪਵਿੱਤ੍ਰ ਗੁਣ ਸਦਾ ਗਾਂਦਾ ਹੈ, ਜਿਵੇਂ ਜੋਗੀ ਨਾਦ ਵਜਾਂਦਾ ਹੈ, ਉਹ ਮਨੁੱਖ ਸਿਫਤ-ਸਾਲਾਹ ਦਾ ਮਾਨੋ ਨਾਦ ਵਜਾਂਦਾ ਹੈ।2।
ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥ ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥
ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥3॥
ਜਿਸ ਮਨੁੱਖ ਨੇ ਗੁਰੂ ਪਾਸੋਂ ਪਵਿੱਤ੍ਰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੇ ਅੰਦਰੋਂ ਆਪਾ ਭਾਵ ਮੁੱਕ ਜਾਂਦਾ ਹੈ, ਉਸ ਦੇ ਹਿਰਦੇ ਵਿਚ ਮਾਇਆ ਦਾ ਮੋਹ ਨਹੀਂ ਰਹਿ ਜਾਂਦਾ। ਜਿਉਂ ਜਿਉਂ ਉਹ ਮਨੁੱਖ ਪਰਮਾਤਮਾ ਦੀ ਸਿਫਤ-ਸਾਲਾਹ ਵਾਲੀ ਪਵਿੱਤ੍ਰ ਬਾਣੀ ਆਪਣੇ ਮਨ ਵਿਚ ਵਸਾਂਦਾ ਹੈ, ਪਰਮਾਤਮਾ ਨਾਲ ਉਸ ਦੀ ਪਵਿੱਤ੍ਰ ਡੂੰਘੀ ਸਾਂਝ ਬਣਦੀ ਹੈ, ਉਸ ਦੀ ਸੁਰਤ ਪ੍ਰਭੂ ਚਰਨਾਂ ਵਿਚ ਜੁੜਦੀ ਹੈ, ਜੋ ਉਸ ਨੂੰ ਹੋਰ ਪਵਿੱਤ੍ਰ ਕਰਦੀ ਹੈ।3।
ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥ ਹਉਮੈ ਮੈਲੁ ਗੁਰ ਸਬਦੇ ਧੋਵੈ ॥
ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੇ ਸੋਭਾ ਪਾਵਣਿਆ ॥4॥
ਜਿਹੜਾ ਮਨੁੱਖ ਪਵਿੱਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਆਪ ਵੀ ਪਵਿੱਤ੍ਰ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣੇ ਮਨ ਵਿਚੋਂ ਹਉਮੈ ਦੀ ਮੈਲ ਧੋ ਲੈਂਦਾ ਹੈ। ਉਸ ਮਨੁੱਖ ਦੇ ਅੰਦਰ ਇਕ-ਰਸ ਲਗਨ ਪੈਦਾ ਕਰਨ ਵਾਲੀ ਸਿਫਤ-ਸਾਲਾਹ ਦੀ ਪਵਿੱਤ੍ਰ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)