ਗੁਰਬਾਣੀ ਦੀ ਸਰਲ ਵਆਿਖਆਿ ਭਾਗ (359)
ਨਿਰਮਲ ਤੇ ਸਭ ਨਿਰਮਲ ਹੋਵੈ ॥ ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥
ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥5॥
ਪਵਿੱਤ੍ਰ ਪ੍ਰਭੂ ਦੀ ਨਾਮ ਛੋਹ ਨਾਲ ਸਾਰੀ ਲੁਕਾਈ ਪਵਿੱਤ੍ਰ ਹੋ ਜਾਂਦੀ ਹੈ। ਜਿਉਂ ਜਿਉਂ ਮਨੁੱਖ ਆਪਣੇ ਮਨ ਨੁੰ ਪਰਮਾਤਮਾ ਦੀ ਸਿਫਤ-ਸਾਲਾਹ ਦੇ ਸ਼ਬਦ ਵਿਚ ਪ੍ਰੋਂਦਾ ਹੈ, ਤਿਉਂ ਤਿਉਂ ਉਸ ਦਾ ਮਨ ਪਵਿੱਤ੍ਰ ਹੁੰਦਾ ਜਾਂਦਾ ਹੈ। ਵੱਡੇ ਭਾਗਾਂ ਵਾਲੇ ਮਨੁੱਖ ਹੀ ਪਵਿੱਤ੍ਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦੇ ਹਨ। ਜਿਹੜਾ ਮਨੁੱਖ ਨਾਮ ਵਿਚ ਜੁੜਦਾ ਹੈ, ਉਹ ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ, ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।5।
ਸੋ ਨਿਰਮਲੁ ਜੋ ਸਬਦੇ ਸੋਹੈ ॥ ਨਿਰਮਲ ਨਾਮਿ ਮਨੁ ਤਨੁ ਮੋਹੈ ॥
ਸਚਿ ਨਾਮਿ ਮਲੁ ਕਦੇ ਨ ਲਾਗੈ ਮੁਖੁ ਊਜਲੁ ਸਚੁ ਕਰਾਵਣਿਆ ॥6॥
ਉਹੀ ਮਨੁੱਖ ਪਵਿੱਤ੍ਰ ਜੀਵਨ ਵਾਲਾ ਬਣਦਾ ਹੈ, ਜਿਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ। ਪਵਿੱਤ੍ਰ ਪ੍ਰਭੂ ਦੇ ਨਾਮ ਵਿਚ ਉਸ ਦਾ ਮਨ ਮਸਤ ਰਹਿੰਦਾ ਹੈ, ਉਸ ਦਾ ਤਨ, ਹਰੇਕ ਗਿਆਨ ਇੰਦਰਾ ਮਸਤ ਰਹਿੰਦਾ ਹੈ। ਸਦਾ-ਥਿਰ ਪਰਮਾਤਮਾ ਦੇ ਨਾਮ ਵਿਚ ਜੁੜਨ ਕਰ ਕੇ ਉਸ ਨੂੰ ਵਿਕਾਰਾਂ ਦੀ ਮੈਲ ਕਦੀ ਨਹੀਂ ਲੱਗਦੀ। ਸਦਾ ਥਿਰ ਰਹਣ ਵਾਲਾ ਪ੍ਰਭੂ ਉਸ ਦਾ ਮੂੰਹ ਲੋਕ ਅਤੇ ਪਰਲੋਕ ਵਿਚ ਉੱਜਲਾ ਕਰ ਦੇਂਦਾ ਹੈ।6।
ਮਨੁ ਮੈਲਾ ਹੈ ਦੂਜੈ ਭਾਇ ॥ ਮੈਲਾ ਚਉਕਾ ਮੈਲੈ ਥਾਇ ॥
ਮੈਲਾ ਖਾਇ ਫਿਿਰ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥7॥
ਪਰ ਜਿਹੜਾ ਮਨੁੱਖ, ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ, ਵਿਕਾਰਾਂ ਦੀ ਮੈਲ ਨਾਲ ਮੈਲਾ ਹੀ ਰਹਿੰਦਾ ਹੈ। ਉਹ ਲਕੀਰਾਂ ਕੱਢ ਕੱਢ ਕੇ ਭਾਵੇਂ ਸੁੱਚੇ ਚੌਂਕੇ ਬਣਾਏ, ਪਰ ਉਸ ਦੇ ਹਿਰਦੇ ਦਾ ਚੌਂਕਾ ਮੈਲਾ ਹੀ ਰਹਿੰਦਾ ਹੈ, ਉਸ ਦੀ ਸੁਰਤ ਸਦਾ ਮੈਲੇ ਥਾਂ ਵਿਚ ਹੀ ਟਿਕੀ ਰਹਿੰਦੀ ਹੈ। ਉਹ ਮਨੁੱਖ ਵਿਕਾਰਾਂ ਦੀ ਮੈਲ ਨੂੰ ਹੀ ਆਪਣੀ ਆਤਮਕ ਖੁਰਾਕ ਬਣਾਈ ਰੱਖਦਾ ਹੈ, ਜਿਸ ਕਰ ਕੇ ਉਹ ਆਪਣੇ ਅੰਦਰ, ਵਿਕਾਰਾਂ ਦੀ ਮੈਲ ਹੋਰ ਹੋਰ ਵਧਾਂਦਾ ਜਾਂਦਾ ਹੈ। ਜਿਸ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੀ ਮੈਲ ਵਧਾ ਵਧਾ ਕੇ ਦੁੱਖ ਸਹਾਰਦਾ ਹੈ।7।
ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥ ਸੇ ਨਿਰਮਲ ਜੋ ਹਰਿ ਸਾਚੇ ਭਾਏ ॥
ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥8॥19॥20॥
ਪਰ ਜੀਵਾਂ ਦੇ ਕੀ ਵੱਸ ? ਵਿਕਾਰੀ ਜੀਵ ਤੇ ਪਵਿੱਤ੍ਰ ਆਤਮਾ ਜੀਵ, ਸਾਰੇ ਪਰਮਾਤਮਾ ਦੇ ਹੁਕਮ ਵਿਚ ਹੀ ਤੁਰ ਰਹੇ ਹਨ। ਜਿਹੜੇ ਬੰਦੇ ਸਦਾ-ਥਿਰ ਹਰੀ ਨੂੰ ਪਿਆਰੇ ਲੱਗ ਜਾਂਦੇ ਹਨ, ਉਹ ਪਵਿੱਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਹੇ ਨਾਨਕ, ਜਿਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ ਆਪਣੇ ਅੰਦਰੋਂ ਵਿਕਾਰ ਆਦਿਕ ਦੀ ਮੈਲ ਦੂਰ ਕਰ ਲੈਂਦਾ ਹੈ।8।19।20।
ਚੰਦੀ ਅਮਰ ਜੀਤ ਸਿੰਘ (ਚਲਦਾ)