ਗੁਰਬਾਣੀ ਦੀ ਸਰਲ ਵਆਿਖਆਿ ਭਾਗ (360)
ਮਾਝ ਮਹਲਾ 3 ॥
ਗੋਵਿੰਦੁ ਊਜਲੁ ਊਜਲ ਹੰਸਾ ॥ ਮਨੁ ਬਾਣੀ ਨਿਰਮਲ ਮੇਰੀ ਮਨਸਾ ॥
ਮਨਿ ਊਜਲ ਸਦਾ ਮੁਖ ਸੋਹਹਿ ਅਤਿ ਊਜਲ ਨਾਮੁ ਧਿਆਵਣਿਆ ॥1॥
ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਬਹੁਤ ਪਵਿੱਤ੍ਰ ਆਤਮਾ ਹੋ ਜਾਂਦੇ ਹਨ, ਉਨ੍ਹਾਂ ਦੇ ਮਨ ਵਿਚ ਵੀ ਸ਼ੁੱਧ ਫੁਰਨੇ ਉੱਠਦੇ ਹਨ, ਉਨ੍ਹਾਂ ਦੇ ਮੂੰਹ ਵੀ ਸੋਹਣੇ ਦਿਸਦੇ ਹਨ, ਉਨ੍ਹਾਂ ਦਾ ਮਨ ਵੀ ਪਵਿੱਤ੍ਰ ਹੋ ਜਾਂਦਾ ਹੈ, ਉਹ ਪਵਿੱਤ੍ਰ ਗੋਬਿੰਦ ਦਾ ਰੂਪ ਹੋ ਜਾਂਦੇ ਹਨ, ਪਰਮਾਤਮਾ-ਸਰੋਵਰ ਦੇ ਉਹ ਮਾਨੋ ਸੋਹਣੇ ਹੰਸ ਬਣ ਜਾਂਦੇ ਹਨ।1।
ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ॥
ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥1॥ ਰਹਾਉ ॥
ਮੈਂ ਉਸ ਮਨੁੱਖ ਤੋਂ ਸਦਾ ਸਦਕੇ, ਵਾਰਨੇ ਜਾਂਦਾ ਹਾਂ, ਜਿਹੜਾ ਗੋਬਿੰਦ ਦੇ ਗੁਣ ਸਦਾ ਗਾਂਦਾ ਹੈ, ਜਿਹੜਾ ਦਿਨ-ਰਾਤ ਗੋਬਿੰਦ ਦਾ ਨਾਮ ਉਚਾਰਦਾ ਹੈ, ਜਿਹੜਾ ਗੁਰੂ ਦੇ ਸ਼ਬਦ ਦੀ ਰਾਹੀਂ ਹੋਰਨਾਂ ਨੂੰ ਵੀ ਗੋਬਿੰਦ ਦੇ ਗੁਣ ਸੁਣਾਂਦਾ ਹੈ।1।ਰਹਾਉ।
ਗੋਬਿਦੁ ਗਾਵਹਿ ਸਹਜਿ ਸੁਭਾਏ ॥ ਗੁਰ ਕੈ ਭੈ ਊਜਲ ਹਉਮੈ ਮਲੁ ਜਾਏ ॥
ਸਦਾ ਅਨਦ ਰਹਹਿ ਭਗਤਿ ਕਰਹਿ ਦਿਨੁ ਰਾਤੀ ਸੁਣਿ ਗੋਬਿਦ ਗੁਣ ਗਾਵਣਿਆ ॥2॥
ਜਿਹੜੇ ਮਨੁੱਖ ਗੋਬਿੰਦ ਦੇ ਗੁਣ ਆਤਮਕ ਅਡੋਲਤਾ ਵਿਚ, ਪ੍ਰਭੂ ਚਰਨਾਂ ਦੇ ਪ੍ਰੇਮ ਵਿਚ ਟਿਕ ਕੇ ਗਾਂਦੇ ਹਨ, ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਉਹ, ਲੋਕ-ਪਰਲੋਕ ਵਿਚ ਸੁਰਖਰੂ ਹੋ ਜਾਂਦੇ ਹਨ, ਉਨ੍ਹਾਂ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਉਹ ਦਿਨ-ਰਾਤ ਪਰਮਾਤਮਾ ਦੀ ਭਗਤੀ ਕਰਦੇ ਹਨ, ਸਦਾ ਆਤਮਕ ਆਨੰਦ ਵਿਚ ਮਗਨ ਰਹਿੰਦੇ ਹਨ, ਉਹ ਹੋਰਨਾਂ ਪਾਸੋਂ ਸੁਣ ਕੇ, ਉਹ ਗੋਬਿੰਦ ਦੇ ਗੁਣ ਸੁਣਦੇ ਵੀ ਹਨ, ਤੇ ਗੋਬਿੰਦ ਦੇ ਗੁਣ ਗਾਂਦੇ ਵੀ ਹਨ।2।
ਮਨੂਆ ਨਾਚੈ ਭਗਤਿ ਦ੍ਰਿੜਾਏ ॥ ਗੁਰ ਕੈ ਸਬਦਿ ਮਨੈ ਮਨੁ ਮਿਲਾਏ ॥
ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥3॥
ਜਿਉਂ ਜਿਉਂ ਮਨੁੱਖ ਭਗਤੀ ਦ੍ਰਿੜ ਕਰਦਾ ਹੈ, ਉਸ ਦਾ ਮਨ ਹੁਲਾਰੇ ਵਿਚ ਆਉਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਆਪਣੇ ਮਨ ਨੂੰ ਓਧਰ ਹੀ ਟਿਕਾਈ ਰੱਖਦਾ ਹੈ, ਬਾਹਰ ਭਟਕਣ ਤੋਂ ਬਚਾਈ ਰੱਖਦਾ ਹੈ। ਜਿਵੇੇਂ ਕੋਈ ਰਾਸ-ਧਾਰੀਆ, ਰਾਸ ਪਾਣ ਵੇਲੇ ਰਾਗ ਦੇ ਸਾਜਾਂ ਦੇ ਨਾਲ ਨਾਲ ਮਿਲ ਕੇ ਨਾਚ ਕਰਦਾ ਹੈ, ਤਿਵੇਂ ਉਹ ਮਨੁੱਖ ਮਾਨੋ ਸੱਚਾ ਨਾਚ ਕਰਦਾ ਹੈ, ਜਦੋਂ ਉਹ ਆਪਣੇ ਅੰਦਰੋਂ ਮਾਇਆ ਦਾ ਮੋਹ ਦੂਰ ਕਰਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਤਮਕ ਨਾਚ ਕਰਦਾ ਹੈ ।3।
ਊਚਾ ਕੂਕੇ ਤਨਹਿ ਪਛਾੜੇ ॥ ਮਾਇਆ ਮੋਹਿ ਜੋਹਿਆ ਜਮਕਾਲੇ ॥
ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ ॥4॥
ਪਰ ਜਿਹੜਾ ਮਨੁੱਖ ਰਾਸ ਆਦਿਕ ਪਾਣ ਵੇਲੇ ਉੱਚੀ ਉੱਚੀ ਸੁਰ ਵਿਚ ਬੋਲਦਾ ਹੈ ਤੇ ਆਪਣੇ ਸਰੀਰ ਨੂੰ ਕਿਸੇ ਚੀਜ਼ ਨਾਲ
ਪਟਕਾਂਦਾ ਹੈ, ਉਂਞ ਉਹ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ, ਉਸ ਨੂੰ ਆਤਮਕ ਮੌਤ ਨੇ ਆਪਣੀ ਤੱਕ ਵਿਚ ਰੱਖਿਆ
ਹੋਇਆ ਹੈ, ਉਸ ਦੇ ਮਨ ਨੂੰੰ ਮਾਇਆ ਦਾ ਮੋਹ ਹੀ ਨਚਾ ਰਿਹਾ ਹੈ, ਉਸ ਦੇ ਅੰਦਰ ਛਲ ਹੈ, ਸਿਰਫ ਬਾਹਰ ਹੀ ਰਾਸ ਆਦਿਕ
ਵੇਲੇ ਪ੍ਰੇਮ ਦਿਸਦਾ ਹੈ, ਅਸਲ ਵਿਚ ਉਹ ਦੁੱਖ ਪਾਂਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)