ਗੁਰਬਾਣੀ ਦੀ ਸਰਲ ਵਆਿਖਆਿ ਭਾਗ (361)
ਗੁਰਮੁਖਿ ਭਗਤਿ ਜਾ ਆਪਿ ਕਰਾਏ ॥ ਤਨੁ ਮਨੁ ਰਾਤਾ ਸਹਜਿ ਸੁਭਾਏ ॥
ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ ॥5॥
ਜਦੋਂ ਪਰਮਾਤਮਾ ਆਪ ਕਿਸੇ ਮਨੁੱਖ ਨੂੰ ਗੁਰੂ ਦੀ ਸਰਨ ਪਾ ਕੇ, ਉਸ ਪਾਸੋਂ ਆਪਣੀ ਭਗਤੀ ਕਰਵਾਂਦਾ ਹੈ, ਤਦੋਂ ਉਸ ਦਾ ਮਨ, ਉਸ ਦਾ ਤਨ, ਹਰੇਕ ਗਿਆਨ ਇੰਦਰਾ ਆਤਮਕ ਅਡੋਲਤਾ ਵਿਚ, ਪ੍ਰਭੂ ਚਰਨਾਂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ। ਉਸ ਦੇ ਅੰਦਰ ਸਿਫਤ-ਸਾਲਾਹ ਦੀ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ,ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨੋਂ ਸਿਫਤ-ਸਾਲਾਹ ਦਾ ਵਾਜਾ ਵਜਾਂਦਾ ਹੈ। ਗੁਰੂ ਦਾ ਆਸਰਾ ਲੈ ਕੇ ਕੀਤੀ ਹੋਈ ਭਗਤੀ, ਪਰਮਾਤਮਾ ਪਰਵਾਨ ਕਰ ਲੈਂਦਾ ਹੈ।5।
ਬਹੁ ਤਾਲ ਪੂਰੇ ਵਾਜੇ ਵਜਾਏ ॥ ਨਾ ਕੋ ਸੁਣੇ ਨ ਮੰਨਿ ਵਸਾਏ ॥
ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥6॥
ਪਰ ਜਿਹੜਾ ਮਨੁੱਖ ਨਿਰੇ ਸਾਜ਼ ਵਜਾਂਦਾ ਹੈ ਤੇ ਸਾਜ਼ਾਂ ਦੇ ਨਾਲ ਮਿਲ ਕੇ ਨਾਚ ਕਰਦਾ ਹੈ, ਉਹ ਇਸ ਤਰ੍ਹਾਂ, ਨਾ ਰੱਬ ਦਾ ਨਾਮ ਸੁਣਦਾ ਹੀ ਹੈ ਤੇ ਨਾ ਹੀ ਆਪਣੇ ਮਨ ਵਿਚ ਵਸਾਂਦਾ ਹੈ। ਉਹ ਤਾਂ ਮਾਇਆ ਕਮਾਣ ਦੀ ਖਾਤਰ ਪਿੜ ਬੰਨ੍ਹ ਕੇ ਨੱਚਦਾ ਹੈ। ਮਾਇਆ ਦੇ ਮੋਹ ਵਿਚ ਟਿiਕਆ ਰਹਿ ਕੇ ਉਹ ਦੁੱਖ ਹੀ ਸਹਾਰਦਾ ਹੈ, ਇਸ ਨਾਚ ਨਾਲ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ।6।
ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥ ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ॥
ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ ॥7॥
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤ ਪੈਦਾ ਹੁੰਦੀ ਹੈ, ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਆਪਣੀਆਂ ਇੰਦਰੀਆਂ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ-ਸਿਮਰਨ ਦੇ ਸੰਜਮ ਵਿਚ
ਟਿiਕਆ ਰਹਿੰਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਤੇ ਇਹੀ ਹੈ ਭਗਤੀ, ਜਿਹੜੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ।7।
ਗੁਰਮੁਖਿ ਭਗਤਿ ਜੁਗ ਚਾਰੇ ਹੋਈ ॥ ਹੋਰਤੁ ਭਗਤਿ ਨ ਪਾਏ ਕੋਈ ॥
ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ॥8॥20॥ 21॥
ਪਰਮਾਤਮਾ ਦੀ ਭਗਤੀ ਗੁਰੂ ਦੇ ਸਨਮੁੱਖ ਰਹਿ ਕੇ ਹੀ ਹੋ ਸਕਦੀ ਹੈ, ਇਹ ਜਿਯਮ ਸਦਾ ਲਈ ਹੀ ਅਟੱਲ ਹੈ। ਇਸ ਤੋਂ ਬਿਨਾ ਕਿਸੇ ਵੀ ਹੋਰ ਤਰੀਕੇ ਨਾਲ ਕੋਈ ਮਨੁੱਖ ਪ੍ਰਭੂ ਦੀ ਭਗਤੀ ਪ੍ਰਾਪਤ ਨਹੀਂ ਕਰ ਸਕਦਾ। ਹੇ ਨਾਨਕ, ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤ, ਗੁਰੂ ਵਿਚ ਸ਼ਰਧਾ ਰੱਖਿਆਂ ਹੀ ਮਿਲ ਸਕਦੀ ਹੈ। ਉਹੀ ਮਨੁੱਖ ਨਾਮ ਸਿਮਰ ਸਕਦਾ ਹੈ, ਜਿਹੜਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜਦਾ ਹੈ।8।20।21।
ਚੰਦੀ ਅਮਰ ਜੀਤ ਸਿੰਘ (ਚਲਦਾ)