ਗੁਰਬਾਣੀ ਦੀ ਸਰਲ ਵਆਿਖਆਿ ਭਾਗ (362)
ਮਾਝ ਮਹਲਾ 3 ॥
ਸਚਾ ਸੇਵੀ ਸਚੁ ਸਾਲਾਹੀ ॥ ਸਚੈ ਨਾਇ ਦੁਖੁ ਕਬ ਹੀ ਨਾਹੀ ॥
ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ ॥1॥
ਹੇ ਭਾਈ, ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹਾਂ, ਮੈਂ ਸਦਾ-ਥਿਰ ਪ੍ਰਭੂ ਦੀ ਹੀ ਸਿਫਤ-ਸਾਲਾਹ ਕਰਦਾ ਹਾਂ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ। ਜਿਹੜੇ ਮਨੁੱਖ ਸਭ ਸੁਖ ਦੇਣ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਤੇ ਗੁਰੂ ਦੀ ਮੱਤ ਲੈ ਕੇ ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ।1।
ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥
ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ॥1॥ ਰਹਾਉ ॥
ਹੇ ਭਾਈ, ਮੈਂ ਉਨ੍ਹਾਂ ਬੰਦਿਆਂ ਤੋਂ ਸਦਾ ਸਦਕੇ, ਕੁਰਬਾਨ ਹਾਂ, ਜਿਹੜੇ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੀ ਸਮਾਧੀ ਲਾਈ ਰੱਖਦੇ ਹਨ। ਜਿਹੜੇ ਮਨੁੱਖ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸਦਾ ਸੋਹਣੇ ਜੀਵਨ ਵਾਲੇ ਬਣੇ ਰਹਿੰਦੇ ਹਨ, ਉਨ੍ਹਾਂ ਨੂੰ ਲੋਕ-ਪਰਲੋਕ ਵਿਚ ਸੋਭਾ ਮਿਲਦੀ ਹੈ, ਉਨ੍ਹਾਂ ਦੀ ਸੁਰਤ ਸਦਾ ਸੁਹਾਵਣੀ ਟਿਕੀ ਰਹਿੰਦੀ ਹੈ।1।ਰਹਾਉ।
ਸਭੁ ਕੋ ਤੇਰਾ ਭਗਤੁ ਕਹਾਏ ॥ ਸੇਈ ਭਗਤ ਤੇਰੈ ਮਨਿ ਭਾਏ ॥
ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ ॥2॥
ਹੇ ਪ੍ਰਭੂ, ਓਵੇਂ ਤਾਂ ਹਰੇਕ ਮਨੁੱਖ ਤੇਰਾ ਭਗਤ ਅਖਵਾਂਦਾ ਹੈ, ਪਰ ਅਸਲ ਭਗਤ ਉਹੀ ਹਨ ਜਿਹੜੇ ਤੈਨੂੰ ਦਿਲੋਂ ਚੰਗੇ ਲਗਦੇ ਹਨ। ਹੇ ਪ੍ਰਭੂ, ਉਹ ਗੁਰੂ ਦੀ ਬਾਣੀ ਦੀ ਰਾਹੀਂ ਤੈਨੂੰ ਸਦਾ-ਥਿਰ ਰਹਣ ਵਾਲੇ ਨੂੰ, ਸਲਾਹੁੰਦੇ ਰਹਿੰਦੇ ਹਨ, ਉਹ ਤੇਰੇ ਪ੍ਰੇਮ ਰੰਗ ਵਿਚ ਰੰਗੇ ਹੋਏ, ਤੇਰੀ ਭਗਤੀ ਕਰਦੇ ਰਹਿੰਦੇ ਹਨ।2।
ਸਭੁ ਕੋ ਸਚੇ ਹਰਿ ਜੀਉ ਤੇਰਾ ॥ ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥
ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ॥3॥
ਹੇ ਸਦਾ-ਥਿਰ ਰਹਣ ਵਾਲੇ ਪ੍ਰਭੂ ਜੀ, ਹਰੇਕ ਜੀਵ ਤੇਰਾ ਹੀ ਪੈਦਾ ਕੀਤਾ ਹੋਇਆ ਹੈ। ਪਰ ਜਦੋਂ ਕਿਸੇ ਨੂੰ ਗੁਰੂ ਦੀ ਸਰਨ ਪੈ ਕੇ ਤੇਰਾ ਨਾਮ ਮਿਲਦਾ ਹੈ, ਤਦੋਂ ਉਸ ਦਾ ਜਨਮ ਮਰਨ ਦਾ ਗੇੜ ਮੁਕਦਾ ਹੈ। ਜਦੋਂ ਤੈਨੂੰ ਚੰਗਾ ਲਗਦਾ ਹੈ, ਜਦੋਂ ਤੇਰੀ ਦਯਾ ਹੁੰਦੀ ਹੈ, ਤਦੋਂ ਤੂੰ, ਜੀਵਾਂ ਨੂੰ ਆਪਣੇ ਨਾਮ ਵਿਚ ਜੋੜਦਾ ਹੈਂ। ਤੂੰ ਆਪ ਹੀ ਜੀਵਾਂ ਪਾਸੋਂ ਆਪਣਾ ਨਾਮ ਜਪਾਂਦਾ ਹੈਂ।3।
ਗੁਰਮਤੀ ਹਰਿ ਮੰਨਿ ਵਸਾਇਆ ॥ ਹਰਖੁ ਸੋਗੁ ਸਭੁ ਮੋਹੁ ਗਵਾਇਆ ॥
ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥4॥
ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਲਿਆ, ਉਸ ਨੇ ਖੁਸ਼ੀ ਦੀ ਲਾਲਸਾ, ਗਮੀ ਤੋਂ ਘਬਰਾਹਟ ਮੁਕਾ ਲਈ, ਉਸ ਨੇ ਮਾਇਆ ਦਾ ਸਾਰਾ ਮੋਹ ਦੂਰ ਕਰ ਲਿਆ। ਉਸ ਮਨੁੱਖ ਦੀ ਲਗਨ ਸਦਾ ਸਿਰਫ ਪਰਮਾਤਮਾ ਦੇ ਚਰਨਾਂ ਨਾਲ ਲੱਗੀ ਰਹਿੰਦੀ ਹੈ, ਉਹ ਸਦਾ ਹਰੀ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)