ਗੁਰਬਾਣੀ ਦੀ ਸਰਲ ਵਆਿਖਆਿ ਭਾਗ (364)
ਮਾਝ ਮਹਲਾ 3 ॥
ਤੇਰੇ ਭਗਤ ਸੋਹਹਿ ਸਾਚੈ ਦਰਬਾਰੇ ॥ ਗੁਰ ਕੈ ਸਬਦਿ ਨਾਮਿ ਸਵਾਰੇ ॥
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ॥1॥
ਹੇ ਪ੍ਰਭੂ, ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ ਸੋਭਾ ਪਾਂਦੇ ਹਨ। ਹੇ ਭਾਈ, ਭਗਤ-ਜਨ ਗੁਰੂ ਦੇ ਸ਼ਬਦ ਦੀ ਰਾਹੀਂ ਰੱਬ ਦੇ ਨਾਮ ਵਿਚ ਜੁੜ ਕੇ ਸੁਹਣੇ ਜੀਵਨ ਵਾਲੇ ਬਣ ਜਾਂਦੇ ਹਨ। ਉਹ ਸਦਾ ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, ਉਹ ਦਿਨ-ਰਾਤ ਪ੍ਰਭੂ ਦੇ ਗੁਣ ਉਚਾਰ ਉਚਾਰ ਕੇ, ਗੁਣਾਂ ਦੇ ਮਾਲਕ ਪ੍ਰਭੂ ਵਿਚ ਸਮਾਏ ਰਹਿੰਦੇ ਹਨ।1।
ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥
ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥1॥ ਰਹਾਉ ॥
ਮੈਂ ਉਨ੍ਹਾਂ ਮਨੁੱਖਾਂ ਤੋਂ ਸਦਾ ਕੁਰਬਾਨ ਸਦਕੇ ਜਾਂਦਾ ਹਾਂ, ਜਿਹੜੇ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦੇ ਹਨ। ਉਹ ਪਰਮਾਤਮਾ ਸਦਾ ਕਾਇਮ ਰਹਣ ਵਾਲਾ ਹੈ, ਜੀਵਾਂ ਵਾਲੀ ਮੈਂ ਮੇਰੀ ਤੋਂ ਬਹੁਤ ਉੱਚਾ ਹੈ, ਵਡ-ਭਾਗੀ ਜੀਵ ਹਉਮੈ ਮਾਰ ਕੇ ਹੀ ਉਸ ਵਿਚ ਲੀਨ ਹੁੰਦੇ ਹਨ।1।ਰਹਾਉ।
ਹਰਿ ਜੀਉ ਸਾਚਾ ਸਾਚੀ ਨਾਈ ॥ ਗੁਰ ਪਰਸਾਦੀ ਕਿਸੈ ਮਿਲਾਈ ॥
ਗੁਰਿ ਸਬਦਿ ਮਿਲਹਿ ਸੇ ਵਿਛੁੜਹਿ ਨਾਹੀ ਸਹਜੇ ਸਚਿ ਸਮਾਵਣਿਆ ॥2॥
ਪਰਮਾਤਮਾ ਸਦਾ ਕਾਇਮ ਰਹਣ ਵਾਲਾ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਣ ਵਾਲੀ ਹੈ।ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਵਡ-ਭਾਗੀ ਨੂੰ ਪ੍ਰਭੂ ਆਪਣੇ ਚਰਨਾਂ ਨਾਲ ਮਿਲਾਂਦਾ ਹੈ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਰੱਬ ਨਾਲ ਮਿਲਦੇ ਹਨ, ਉਹ ਉੱਸ ਤੋਂ ਵਿਛੁੜਦੇ ਨਹੀਂ। ਉਹ ਆਤਮਕ ਅਡੋਲਤਾ ਵਿਚ ਤੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹਿੰਦੇ ਹਨ।2।
ਤੁਝ ਤੇ ਬਾਹਰਿ ਕਛੂ ਨ ਹੋਇ ॥ ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਆਪੇ ਕਰੇ ਕਰਾਏ ਕਰਤਾ ਗੁਰਮਤਿ ਆਪਿ ਮਿਲਾਵਣਿਆ ॥3॥
ਹੇ ਪ੍ਰਭੂ, ਤੈਥੋਂ, ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਤੂੰ ਜਗਤ ਪੈਦਾ ਕਰ ਕੇ ਉਸ ਦੀ ਸੰਭਾਲ ਵੀ ਕਰਦਾ ਹੈਂ, ਤੂੰ ਹਰੇਕ ਦੇ ਦਿਲ ਦੀ ਵੀ ਜਾਣਦਾ ਹੈਂ। ਹੇ ਭਾਈ, ਕਰਤਾਰ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ ਕਰਦਾ ਹੈ, ਤੇ ਜੀਵਾਂ ਪਾਸੋਂ ਵੀ ਕਰਾਂਦਾ ਹੈ, ਗੁਰੂ ਦੀ ਮੱਤ ਦੀ ਰਾਹੀਂ ਆਪ ਹੀ ਜੀਵਾਂ ਨੂੰ ਆਪਣੇ ਵਿਚ ਮਿਲਾਂਦਾ ਹੈ।3।
ਕਾਮਣਿ ਗੁਣਵੰਤੀ ਹਰਿ ਪਾਏ ॥ ਭੈ ਭਾਇ ਸੀਗਾਰੁ ਬਣਾਏ ॥
ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥4॥
ਜਿਹੜੀ ਜੀਵ ਇਸਤ੍ਰੀ, ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾਂਦੀ ਹੈ, ਉਹ ਪਰਮਾਤਮਾ ਨੂੰ ਮਿਲ ਪੈਂਦੀ ਹੈ। ਪਰਮਾਤਮਾ ਦੇ ਡਰ-ਅਦਬ ਵਿਚ ਰਹਿ ਕੇ, ਪਰਮਾਤਮਾ ਦੇ ਪ੍ਰੇਮ ਵਿਚ ਜੁੜ ਕੇ ਉਹ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਂਦੀ ਹੈ। ਉਹ ਗੁਰੂ ਨੂੰੰ ਆਸਰਾ-ਪਰਨਾ ਬਣਾ ਕੇ ਸਦਾ ਲਈ ਖਸਮ-ਪ੍ਰਭੂ ਵਾਲੀ ਬਣ ਜਾਂਦੀ ਹੈ। ਉਹ ਪ੍ਰਭੂ-ਮਿਲਾਪ ਵਾਲੇ ਗੁਰ-ਉਪਦੇਸ਼ ਵਿਚ ਲੀਨ ਰਹਿੰਦੀ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)