ਗੁਰਬਾਣੀ ਦੀ ਸਰਲ ਵਆਿਖਆਿ ਭਾਗ (365)
ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥ ਭ੍ਰਮਿ ਭੂਲੇ ਜਿਉ ਸੁੰਞੈ ਘਰਿ ਕਾਉ ॥
ਹਲਤੁ ਪਲਤੁ ਤਿਨੀ ਦੋਵੈ ਗਵਾਏ ਦੁਖੇ ਦੁਖਿ ਵਿਹਾਵਣਿਆ ॥5॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਭੁਲਾ ਦੇਂਦੇ ਹਨ, ਉਨ੍ਹਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਕੋਈ ਥਾਂ ਥਿੱਤਾ ਨਹੀਂ ਮਿਲਦਾ, ਉਹ ਮਾਇਆ-ਮੋਹ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ। ਜਿਵੇਂ ਕੋਈ ਕਾਂ ਕਿਸੇ ਉੱਜੜੇ ਘਰ ਵਿਚ ਜਾ ਕੇ ਖਾਣ ਲਈ ਕੁਝ ਨਹੀਂ ਲੱਭ ਸਕਦਾ, ਤਿਵੇਂ ਗੁਰ-ਸ਼ਬਦ ਨੂੰ ਭੁਲਾਣ ਵਾਲੇ ਬੰਦੇ ਆਤਮਕ ਜੀਵਨ ਵਲੋਂ ਖਾਲੀ-ਹੱਥ ਹੀ ਰਹਿੰਦੇ ਹਨ। ਉਹ ਮਨੁੱਖ ਇਹ ਲੋਕ ਅਤੇ ਪਰਲੋਕ, ਦੋਵੇਂ ਹੀ ਜ਼ਾਇਆ ਕਰ ਲੈਂਦੇ ਹਨ, ਉਨ੍ਹਾਂ ਦੀ ਉਮਰ ਸਦਾ ਦੁੱਖ ਵਿਚ ਹੀ ਬੀਤਦੀ ਹੈ।5।
ਲਿਖਦਿਆ ਲਿਖਦਿਆ ਕਾਗਦ ਮਸੁ ਖੋਈ ॥ ਦੂਜੈ ਭਾਇ ਸੁਖੁ ਪਾਏ ਨ ਕੋਈ ॥
ਕੂੜੁ ਲਿਖਹਿ ਤੈ ਕੂੜੁ ਕਮਾਵਹਿ ਜਲਿ ਜਾਵਹਿ ਕੂੜਿ ਚਿਤੁ ਲਾਵਣਿਆ ॥6॥
ਮਾਇਆ ਵੇੜ੍ਹੇ ਮਨੁੱਖ, ਮਾਇਆ ਦੇ ਲੇਖੇ ਲਿਖਦੇ ਲਿਖਦੇ ਅਨੇਕਾਂ ਅਨੇਕਾਂ ਕਾਗਜ਼ ਤੇ ਬੇ-ਅੰਤ ਸਿਆਹੀ ਮੁਕਾ ਲੈਂਦੇ ਹਨ, ਪਰ ਮਾਇਆ ਦੇ ਮੋਹ ਵਿਚ ਫਸੇ ਰਹਿ ਕੇ ਕਿਸੇ ਨੇ ਕਦੇ ਆਤਮਕ ਆਨੰਦ ਨਹੀਂ ਮਾਣਿਆ। ਉਹ ਮਾਇਆ ਦਾ ਹੀ ਲੇਖਾ ਲਿਖਦੇ ਰਹਿੰਦੇ ਹਨ, ਅਤੇ ਮਾਇਆ ਹੀ ਇਕੱਠੀ ਕਰਦੇ ਰਹਿੰਦੇ ਹਨ, ਉਹ ਸਦਾ ਖਿੱਝਦੇ ਹੀ ਰਹਿੰਦੇ ਹਨ, ਕਿਉਂਕਿ ਉਹ ਨਾਸਵੰਤ ਮਾਇਆ ਵਿਚ ਹੀ ਆਪਣਾ ਮਨ ਜੋੜੀ ਰੱਖਦੇ ਹਨ।6।
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥ ਸੇ ਜਨ ਸਚੇ ਪਾਵਹਿ ਮੋਖ ਦੁਆਰੁ ॥
ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਿਖ ਸਚਿ ਸਮਾਵਣਿਆ ॥7॥
ਗੁਰੂ ਦੀ ਸਰਨ ਵਿਚ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਲਿਖਦੇ ਹਨ, ਪਰਮਾਤਮਾ ਦੇ ਗੁਣਾਂ ਦਾ ਵਿਚਾਰ ਲਿਖਦੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹ ਮਾਇਆ ਦੇ ਮੋਹ ਤੋਂ ਖਲਾਸੀ ਦਾ ਰਾਹ ਲੱਭ ਲੈਂਦੇ ਹਨ। ਉਨ੍ਹਾਂ ਮਨੁੱਖਾਂ ਦਾ ਕਾਗਜ਼ ਸਫਲ ਹੈ, ਉਨ੍ਹਾਂ ਦੀ ਕਲਮ ਸਫਲ ਹੈ, ਦਵਾਤ ਭੀ ਸਫਲ ਹੈ, ਜਿਹੜੇ ਸਦਾ-ਥਿਰ ਪ੍ਰਭੂ ਦਾ ਨਾਮ ਲਿਖ ਲਿਖ ਕੇ ਸਦਾ-ਥਿਰ ਪਰਮਾਤਮਾ ਦੇ ਵਿਚ ਹੀ ਲੀਨ ਰਹਿੰਦੇ ਹਨ।7।
ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ ॥ ਗੁਰ ਪਰਸਾਦੀ ਮਿਲੈ ਸੋਈ ਜਨੁ ਲੇਖੈ ॥
ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥8॥22॥23॥
ਹੇ ਭਾਈ, ਮੇਰਾ ਪਾਮਾਤਮਾ ਸਭ ਜੀਵਾਂ ਦੇ ਅੰਦਰ ਬੈਠਾ ਹਰੇਕ ਦੀ ਸੰਭਾਲ ਕਰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੇ ਚਰਨਾਂ ਵਿਚ ਜੁੜਦਾ ਹੈ, ਉਹੀ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਪਰਵਾਨ ਹੁੰਦਾ ਹੈ।
ਹੇ ਨਾਨਕ, ਪਰਮਾਤਮਾ ਦਾ ਨਾਮ, ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਜਿਸ ਨੂੰ ਨਾਮ ਮਿਲ ਜਾਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ।8।22।23।
ਚੰਦੀ ਅਮਰ ਜੀਤ ਸਿੰਘ (ਚਲਦਾ)