ਗੁਰਬਾਣੀ ਦੀ ਸਰਲ ਵਿਆਖਿਆ ਭਾਗ (368)
ਮਾਝ ਮਹਲਾ 3 ॥
ਇਸੁ ਗੁਫਾ ਮਹਿ ਅਖੁਟ ਭੰਡਾਰਾ ॥ ਤਿਸੁ ਵਿiਚ ਵਸੈ ਹਰਿ ਅਲਖ ਅਪਾਰਾ ॥
ਆਪੇ ਗੁਪਤੁ ਪਰਗਟੁ ਹੈ ਆਪੇ ਗੁਰ ਸਬਦੀ ਆਪੁ ਵੰਞਾਵਣਿਆ ॥1॥
ਜੋਗੀ ਲੋਕ ਪਹਾੜਾਂ ਦੀਆਂ ਗੁਫਾਵਾਂ ਵਿਚ ਬੈਠ ਕੇ ਆਤਮਕ ਸ਼ਕਤੀਆਂ ਪ੍ਰਾਪਤ ਕਰਨ ਦੇ ਜਤਨ ਕਰਦੇ ਹਨ, ਪਰ ਇਸ ਸਰੀਰ ਗੁਫਾ ਵਿਚ ਆਤਮਕ ਗੁਣਾਂ ਦੇ ਇਤਨੇ ਖਜ਼ਾਨੇ ਭਰੇ ਹੋਏ ਹਨ ਕਿ ਮੁਕਣ ਵਾਲੇ ਨਹੀਂ, ਕਿਉਂਕਿ ਸਾਰੇ ਗੁਣਾਂ ਦਾ ਮਾਲਕ ਅਦ੍ਰਿਸ਼ਟ ਤੇ ਬੇ-ਅੰਤ ਹਰੀ ਇਸ ਸਰੀਰ ਵਿਚ ਹੀ ਵੱਸਦਾ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ, ਉਨ੍ਹਾਂ ਨੂੰ ਦਿਸ ਪੈਂਦਾ ਹੈ ਕਿ ਉਹ ਪਰਮਾਤਮਾ ਆਪ ਹੀ ਹਰ ਥਾਂ ਵੱਸ ਰਿਹਾ ਹੈ, ਕਿਸੇ ਨੂੰ ਪ੍ਰਤੱਖ ਨਜ਼ਰੀਂ ਆ ਜਾਂਦਾ ਹੈ, ਕਿਸੇ ਨੂੰ ਲੁਕਿਆ ਹੋਇਆ ਹੀ ਪ੍ਰਤੀਤ ਹੁੰਦਾ ਹੈ।1।
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥ 1॥ ਰਹਾਉ ॥
ਹੇ ਭਾਈ, ਮੈਂ ਸਦਾ ਉਨ੍ਹਾਂ ਤੋਂ ਸਦਕੇ, ਕੁਰਬਾਨ ਜਾਂਦਾ ਹਾਂ, ਜਿਹੜੇ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਆਪਣੇ ਮਨ ਵਿਚ ਵਸਾਂਦੇ ਹਨ। ਆਤਮਕ ਜੀਵਨ-ਦਾਤਾ ਹਰਿ ਨਾਮ ਆਪਣੇ ਮਨ ਵਿਚ ਵਸਾਂਦੇ ਹਨ। ਆਤਮਕ ਜੀਵਨ-ਦਾਤਾ ਹਰਿ-ਨਾਮ ਬਹੁਤ ਰਸ ਵਾਲਾ ਤੇ ਮਿੱਠਾ ਹੈ। ਗੁਰੂ ਦੀ ਮੱਤ ਤੇ ਤੁਰਿਆਂ ਹੀ ਇਹ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ।1।ਰਹਾਉ।
ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥ ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ ॥
ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ ॥2॥
ਜਿਸ ਮਨੁੱਖ ਨੇ ਆਪਣੇ ਅੰਦਰੋਂ ਹਉਮੈ ਮਾਰ ਕੇ ਹਉਮੈ ਦੇ ਕਰੜੇ ਦਰਵਾਜ਼ੇ ਖੋਲ੍ਹ ਲਏ ਹਨ, ਉਸ ਨੇ ਗੁਰੂ ਦੀ ਕਿਰਪਾ ਨਾਲ ਉਹ ਨਾਮ-ਅੰਮ੍ਰਿਤ ਅੰਦਰੋਂ ਹੀ ਲੱਭ ਲਿਆ, ਜੋ ਕਿਸੇ ਦੁਨਿਆਵੀ ਪਦਾਰਥ ਦੇ ਵੱਟੇ, ਮੁੱਲ ਨਹੀਂ ਮਿਲਦਾ। ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਬਿਨਾ ਕੋਈ ਮਨੁੱਖ, ਨਾਮ ਅੰਮ੍ਰਿਤ ਪ੍ਰਾਪਤ ਨਹੀਂ ਕਰ ਸਕਦਾ, ਗੁਰੂ ਦੀ ਕਿਰਪਾ ਨਾਲ ਹੀ ਹਰਿ-ਨਾਮ, ਮਨ ਵਿਚ ਵਸਾਇਆ ਜਾ ਸਕਦਾ ਹੈ।2।
ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥ ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥3॥
ਜਿਸ ਮਨੁੱਖ ਨੇ ਗੁਰੂ ਤੋਂ ਗਿਆਨ ਦਾ ਸਦਾ-ਥਿਰ ਰਹਣ ਵਾਲਾ ਸੁਰਮਾ ਆਪਣੀਆਂ ਆਤਮਕ ਅੱਖਾਂ ਵਿਚ ਪਾਇਆ ਹੈ, ਉਸ ਦੇ ਅੰਦਰ ਆਤਮਕ ਚਾਨਣ ਹੋ ਗਿਆ ਹੈ, ਉਸ ਨੇ ਆਪਣੇ ਅੰਦਰੋਂ ਅਗਿਆਨ-ਹਨੇਰਾ ਦੂਰ ਕਰ ਲਿਆ ਹੈ। ਉਸ ਦੀ ਸੁਰਤ, ਗੁਰੂ ਦੀ ਜੋਤ ਵਿਚ ਮਿਲੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ।3।
ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥ ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥
ਮਨਮੁਖ ਅੰਧੇ ਸੂਝੈ ਨਾਹੀ ਫਿiਰ ਘਿiਰ ਆਇ ਗੁਰਮੁਖਿ ਵਥੁ ਪਾਵਣਿਆ ॥4॥
ਪਰ ਜੇ ਕੋਈ ਮਨੁੱਖ ਆਪਣੇ ਸਰੀਰ ਤੋਂ ਬਾਹਰ, ਜੰਗਲਾਂ ਵਿਚ, ਪਹਾੜਾਂ ਦੀਆਂ ਗੁਫਾ ਵਿਚ ਇਸ ਆਤਮਕ ਚਾਨਣ ਨੂੰ ਲੱਭਣ ਜਾਂਦਾ ਹੈ, ਉਸ ਨੂੰ ਇਹ ਆਤਮਕ ਚਾਨਣ ਦੇਣ ਵਾਲਾ ਹਰਿ-ਨਾਮ ਤਾਂ ਨਹੀਂ ਲੱਭਣਾ, ਆਤਮਕ ਚਾਨਣ ਦੇਣ ਵਾਲਾ ਤਾਂ ਉਸ ਦੇ ਅੰਦਰ ਬੈਠਾ ਹੈ, ਉਹ ਤਾਂ ਵਿਗਾਰ ਵਿਚ ਫਸੇ ਕਿਸੇ ਵਿਗਾਰੀ ਵਾਙ ਦੁੱਖ ਹੀ ਪਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਮਝ ਨਹੀਂ ਪੈਂਦੀ। ਜੰਗਲਾਂ ਪਹਾੜਾਂ ਵਿਚ ਖੁਆਰ ਹੋ ਹੋ ਕੇ ਆਖਰ ਉਹ ਆ ਕੇ ਗੁਰੂ ਦੀ ਸਰਨ ਪੈ ਕੇ ਹੀ ਨਾਮ-ਅੰਮ੍ਰਿਤ ਪ੍ਰਾਪਤ ਕਰਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)