ਗੁਰਬਾਣੀ ਦੀ ਸਰਲ ਵਿਆਖਿਆ ਭਾਗ (369)
ਗੁਰ ਪਰਸਾਦੀ ਸਚਾ ਹਰਿ ਪਾਏ ॥ ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥
ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥5॥
ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰੀ ਦਾ ਮਿਲਾਪ ਹਾਸਲ ਕਰਦਾ ਹੈ, ਤਾਂ ਉਹ ਆਪਣੇ ਮਨ ਵਿਚ ਹੀ, ਆਪਣੇ ਤਨ ਵਿਚ ਹੀ ਉਸ ਦਾ ਦਰਸ਼ਨ ਕਰ ਲੈਂਦਾ ਹੈ, ਤੇ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਆਪਣੇ ਸ਼ੁੱਧ ਹੋਏ ਹਿਰਦੇ ਥਾਂ ਵਿਚ ਹੀ ਬੈਠ ਕੇ, ਭਟਕਣਾ ਰਹਿਤ ਹੋ ਕੇ ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ।5।
ਨਉ ਦਰ ਠਾਕੇ ਧਾਵਤੁ ਰਹਾਏ ॥ ਦਸਵੈ ਨਿਜ ਘਰਿ ਵਾਸਾ ਪਾਏ ॥
ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦਿ ਸੁਣਾਵਣਿਆ ॥ 6॥
ਜਿਸ ਮਨੁੱਖ ਨੇ ਆਪਣੇ ਨੌਂ ਦਰਵਾਜੇ, ਨੌਂ ਗੋਲਕਾਂ ਵਿਕਾਰਾਂ ਵਾਲੇ ਪਾਸੇ ਵਲੋਂ ਬੰਦ ਕਰ ਲਏ ਹਨ, ਜਿਸ ਨੇ ਵਿਕਾਰਾਂ ਵੱਲ ਦੌੜਦਾ ਆਪਣਾ ਮਨ ਕਾਬੂ ਕਰ ਲਿਆ ਹੈ, ਉਸ ਨੇ ਆਪਣੇ ਚਿੱਤ-ਆਕਾਸ਼ ਦੀ ਰਾਹੀਂ, ਆਪਣੀ ਉੱਚੀ ਹੋਈ ਸੁਰਤ ਦੀ ਰਾਹੀਂ ਆਪਣੇ ਅਸਲ ਘਰ ਵਿਚ, ਪ੍ਰਭੂ ਚਰਨਾਂ ਵਿਚ ਨਿਵਾਦਸ ਪ੍ਰਾਪਤ ਕਰ ਲਿਆ ਹੈ। ਉਸ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਅੰਦਰ, ਹਿਰਦੇ ਵਿਚ ਸਦਾ, ਇਕ-ਰਸ ਪਰਮਾਤਮਾ ਦੀ ਸਿਫਤ-ਸਾਲਾਹ ਦੇ ਬੋਲ, ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਉਹ ਦਿਨ-ਰਾਤ ਗੁਰੂ ਦੀ ਮੱਤ ਤੇ ਤੁਰ ਕੇ, ਸਿਫਤ-ਸਾਲਾਹ ਦੀ ਬਾਣੀ ਨੂੰ ਹੀ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ।6।
ਬਿਨੁ ਸਬਦੈ ਅੰਤਰਿ ਆਨੇਰਾ ॥ ਨ ਵਸਤੁ ਲਹੈ ਨ ਚੂਕੈ ਫੇਰਾ ॥
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥7॥
ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਹਨੇਰਾ ਬਣਿਆ ਰਹਿੰਦਾ ਹੈ, ਜਿਸ ਕਰ ਕੇ ਉਸ ਨੂੰ ਆਪਣੇ ਅੰਦਰੋਂ ਨਾਮ-ਪਦਾਰਥ ਨਹੀਂ ਲੱਭਦਾ ਤੇ ਉਸ ਦਾ ਜਨਮ-ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਮੋਹ ਦੇ ਬੱਜਰ ਕਵਾੜ ਖੋਲ੍ਹਣ ਲਈ ਕੁੰਜੀ ਗੁਰੂ ਦੇ ਹੱਥ ਵਿਚ ਹੀ ਹੈ, ਕਿਸੇ ਹੋਰ ਵਸੀਲੇ ਨਾਲ ਉਹ ਦਰਵਾਜਾ ਨਹੀਂ ਖੁਲਦਾ। ਤੇ ਗੁਰੂ ਵੀ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ।7।
ਗੁਪਤੁ ਪਰਗਟੁ ਤੂੰ ਸਭਨੀ ਥਾਈ ॥ ਗੁਰ ਪਰਸਾਦੀ ਮਿਿਲ ਸੋਝੀ ਪਾਈ ॥
ਨਾਨਕ ਨਾਮੁ ਸਾਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥8॥24॥25॥
ਹੇ ਪ੍ਰਭੂ, ਤੂੰ ਸਭ ਥਾਵਾਂ ਵਿਚ ਮੌਜੂਦ ਹੈਂ, ਕਿਸੇ ਨੂੰ ਪਰਤੱਖ ਦਿਸ ਪੈਂਦਾ ਹੈ, ਕਿਸੇ ਦੇ ਭਾ ਦਾ ਲੁਕਿਆ ਹੋਇਆ ਹੈ। ਤੇਰੇ ਸਰਬ-ਵਿਆਪਕ ਹੋਣ ਦੀ ਸਮਝ ਗੁਰੂ ਦੀ ਕਿਰਪਾ ਨਾਲ ਤੈਨੂੰ ਮਿਲ ਕੇ ਹੁੰਦੀ ਹੈ। ਹੇ ਨਾਨਕ, ਤੂੰ ਗੁਰੂ ਦੀ ਸਰਨ ਪੈ ਕੇ, ਸਦਾ ਪਰਮਾਤਮਾ ਦੇ ਨਾਮ ਦੀ ਸਿਫਤ-ਸਾਲਾਹ ਕਰਦਾ ਰਹੁ। ਗੁਰੂ ਦੇ ਸਨਮੁੱਖ ਰਹਣ ਵਾਲਾ ਮਨੁੱਖ, ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ।8।24।25॥
ਚੰਦੀ ਅਮਰ ਜੀਤ ਸਿੰਘ (ਚਲਦਾ)