ਗੁਰਬਾਣੀ ਦੀ ਸਰਲ ਵਿਆਖਿਆ ਭਾਗ (370)
ਮਾਝ ਮਹਲਾ 3 ॥
ਗੁਰਮੁਖਿ ਮਿਲੈ ਮਿਲਾਏ ਆਪੇ ॥ ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥
ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥1॥
ਜਿਹੜਾ ਮਨੁੱਖ, ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ ਆਪ ਹੀ ਉਸ ਨੂੰ ਗੁਰੂ ਮਿਲਾਂਦਾ ਹੈ, ਅਜਿਹੇ ਮਨੁੱਖ ਨੂੰ ਆਤਮਕ ਮੌਤ ਆਪਣੀ ਤੱਕ ਵਿਚ ਨਹੀੰ ਰੱਖਦੀ, ਉਸ ਨੂੰ ਕੋਈ ਦੁੱਖ-ਕਲੇਸ਼ ਸਤਾ ਨਹੀਂ ਸਕਦਾ। ਗੁਰੂ ਦੇ ਆਸਰੇ ਰਹਣ ਵਾਲਾ ਮਨੁੱਖ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ, ਮਾਇਆ ਦੇ ਮੋਹ ਦੇ ਸਾਰੇ ਬੰਧਨ ਤੋੜ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।1।
ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥
ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥1॥ ਰਹਾਉ ॥
ਮੈਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ, ਜਿਹੜਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਆਪਣਾ ਜੀਵਨ ਸੁੰਦਰ ਬਣਾ ਲੈਂਦਾ ਹੈ। ਗੁਰੂ ਦੇ ਸਨਮੁੱਖ ਰਹਣ ਵਾਲਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ ਨਾਮ ਸਿਮਰਨ ਦੇ ਹੁਲਾਰੇ ਵਿਚ ਆਇਆ ਰਹਿੰਦਾ ਹੈ, ਗੁਰੂ ਦਾ ਆਸਰਾ ਰੱਖਣ ਵਾਲਾ ਮਨੁੱਖ ਪਰਮਾਤਮਾ ਦੇ ਚਰਨਾਂ ਨਾਲ ਆਪਣਾ ਮਨ ਜੋੜੀ ਰੱਖਦਾ ਹੈ ।1।ਰਹਾਉ।
ਗੁਰਮੁਖਿ ਜੀਵੈ ਮਰੈ ਪਰਵਾਣੁ ॥ ਆਰਜਾ ਨ ਛੀਜੈ ਸਬਦੁ ਪਛਾਣੁ ॥
ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥2॥
ਗੁਰੂ ਦੇ ਸਨਮੁੱਖ ਰਹਣ ਵਾਲਾ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੇ ਹਉਮੈ ਵਲੋਂ ਮਰਿਆ ਰਹਿੰਦਾ ਹੈ, ਇਸ ਤਰ੍ਹਾਂ ਉਹ ਪ੍ਰਭੂ ਦੀਆਂ ਨਜ਼ਰਾਂ ਵਿਚ ਕਬੂਲ ਹੋ ਜਾਂਦਾ ਹੈ। ਉਸ ਦੀ ਉਮਰ ਵਿਅਰਥ ਨਹੀਂ ਜਾਂਦੀ, ਗੁਰੂ ਦਾ ਸ਼ਬਦ ਉਸ ਦਾ ਜੀਵਨ ਸਾਥੀ ਬਣਿਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਣ ਵਾਲਾ ਮਨੁੱਖ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ, ਆਤਮਕ ਮੌਤ ਉਸ ਤੇ ਜ਼ੋਰ ਨਹੀਂ ਪਾ ਸਕਦੀ, ਉਹ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦਾ ਹੈ।2।
ਗੁਰਮੁਖਿ ਹਰਿ ਦਰਿ ਸੋਭਾ ਪਾਏ ਗੁਰਮੁਖਿ ਵਿਚਹੁ ਆਪੁ ਗਵਾਏ ॥
ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥3॥
ਗੁਰੂ ਦੇ ਆਸਰੇ-ਪਰਨੇ ਰਹਣ ਵਾਲਾ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ, ਉਹ ਆਪਣੇ ਅੰਦਰੌਂ ਆਪਾ-ਭਾਵ ਦੂਰ ਕਰੀ ਰੱਖਦਾ ਹੈ, ਉਹ ਆਪ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ ਪਾਰ ਲੰਘ ਜਾਂਦਾ ਹੈ। ਗੁਰੂ ਦੇ ਸਨਮੁਖ ਰਹਣ ਵਾਲਾ ਮਨੁੱਖ ਆਪਣਾ ਜੀਵਨ ਸਵਾਰ ਲੈਂਦਾ ਹੈ।3।
ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥ ਗੁਰਮੁਖਿ ਹਉਮੈ ਚੂਕੈ ਪੀਰ ॥
ਗੁਰਮੁਖਿ ਮਨੁ ਨਿਰਮਲੁ ਫਿiਰ ਮੈਲੁ ਨ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥4॥
ਜਿਹੜਾ ਮਨੁੱਖ ਗੁਰੂ ਦੀ ਸਰਨ ਲੈਂਦਾ ਹੈ, ਉਸ ਦੇ ਸਰੀਰ ਵਿਚ ਕਦੇ ਹਉਮੈ ਦਾ ਰੋਗ ਨਹੀਂ ਲੱਗਦਾ, ਉਸ ਦੇ ਅੰਦਰੋਂ ਹਉਮੈ ਦੀ ਪੀੜ ਖਤਮ ਹੋ ਜਾਂਦੀ ਹੈ। ਗੁਰੂ ਦੇ ਸਨਮੁਖ ਰਹਣ ਵਾਲੇ ਮਨੁੱਖ ਦਾ ਮਨ ਹਉਮੈ ਦੀ ਮੈਲ ਤੋਂ ਸਾਫ ਰਹਿੰਦਾ ਹੈ, ਗੁਰੂ ਦਾ ਆਸਰਾ ਲੈਣ ਕਰ ਕੇ ਉਸ ਨੂੰ ਫਿਰ ਹਉਮੈ ਦੀ ਮੈਲ ਨਹੀਂ ਚੰਬੜਦੀ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)