ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (371)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (371)
Page Visitors: 63

      ਗੁਰਬਾਣੀ ਦੀ ਸਰਲ ਵਿਆਖਿਆ ਭਾਗ (371)      
     ਗੁਰਮੁਖਿ ਨਾਮੁ ਮਿਲੈ ਵਡਿਆਈ ॥ ਗੁਰਮੁਖਿ ਗੁਣ ਗਾਵੈ ਸੋਭਾ ਪਾਈ ॥
     ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥5
      ਗੁਰੂ ਦੇ ਸਨਮੁਖ ਰਹਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਲੋਕ-ਪਰਲੋਕ ਵਿਚ ਇੱਜ਼ਤ ਮਿਲਦੀ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਤੇ ਹਰ ਥਾਂ ਸੋਭਾ ਖੱਟਦਾ ਹੈ। ਗੁਰੂ ਦੇ ਦਰ ਤੇ ਟਿਕੇ ਰਹਣ ਨਾਲ ਮਨੁੱਖ ਸਦਾ ਦਿਨ ਰਾਤ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੀ ਸਿਫਤ-ਸਾਲਾਹ ਦੀ ਕਾਰ ਕਰਦਾ ਹੈ।5
     ਗੁਰਮੁਖਿ ਅਨਦਿਨੁ ਸਬਦੇ ਰਾਤਾ ॥ ਗੁਰਮੁਖਿ ਜੁਗ ਚਾਰੇ ਹੈ ਜਾਤਾ ॥
     ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥6
      ਗੁਰੂ ਦੇ ਸਨਮੁਖ ਰਹਣ ਵਾਲਾ ਮਨੁੱਖ ਹਰ ਵੇਲੇ ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ। ਸਦਾ ਤੋਂ ਹੀ ਇਹ ਨਿਯਮ ਹੈ ਕਿ ਗੁਰੂ ਦੇ ਦਰ ਤੇ ਰਹਣ ਵਾਲਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਪਵਿੱਤ੍ਰ ਜੀਵਨ ਵਾਲਾ ਬਣਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ।6
     ਬਾਝੁ ਗੁਰੂ ਹੈ ਅੰਧ ਅਧੰਾਰਾ ॥ ਜਮਕਾਲਿ ਗਰਠੇ ਕਰਹਿ ਪੁਕਾਰਾ ॥
     ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥7
      ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ। ਇਸ ਹਨੇਰੇ ਦੇ ਕਾਰਨ ਜਿਨ੍ਹਾਂ ਨੂੰ ਆਤਮਕ ਮੌਤ ਨੇ ਗ੍ਰੱਸ ਲਿਆ ਹੁੰਦਾ ਹੈ, ਉਹ ਦੁਖੀ ਹੋ ਹੋ ਕੇ ਪੁਕਾਰਾਂ ਕਰਦੇ ਰਹਿੰਦੇ ਹਨ. ਦੁੱਖਾਂ ਦੇ ਗਿਲੇ ਕਰਦੇ ਰਹਿੰਦੇ ਹਨ। ਉਹ ਹਰ ਵੇਲੇ ਵਿਕਾਰਾਂ ਦੇ ਰੋਗ ਵਿਚ ਫਸੇ ਰਹਿੰਦੇ ਹਨ ਤੇ ਦੁੱਖ ਸਹਿੰਦੇ ਰਹਿੰਦੇ ਹਨ, ਜਿਵੇਂ ਗੰਦ ਦੇ ਕੀੜੇ, ਗੰਦ ਵਿਚ ਹੀ ਕੁਰਬਲ ਕੁਰਬਲ ਕਰਦੇ ਰਹਿੰਦੇ ਹਨ।7। 
     ਗੁਰਮੁਖਿ ਆਪੇ ਕਰੇ ਕਰਾਏ ॥ ਗੁਰਮੁਖਿ ਹਿਰਦੈ ਵੁਠਾ ਆਪਿ ਆਏ ॥
     ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥82526
    ਜਿਹੜਾ ਮਨੁੱਖ ਗੁਰੂ ਦੀ ਸਰਨ ਵਿਚ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵੱਸਦਾ ਹੈ, ਉਸ ਨੂੰ ਫਿਰ ਇਹ ਭਰੋਸਾ ਹੋ ਜਾਂਦਾ ਹੈ ਕਿ ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ ਸਭ-ਕੁਝ ਕਰਦਾ ਹੈ ਤੇ ਜੀਵਾਂ ਪਾਸੋਂ ਕਰਾਂਦਾ ਹੈ। ਹੇ ਨਾਨਕ, ਪਰਮਾਤਮਾ ਦੇ ਨਾਮ ਵਿਚ ਜੁੜਿਆਂ, ਲੋਕ-ਪਰਲੋਕ ਵਿਚ ਆਦਰ ਮਿਲਦਾ ਹੈ ਤੇ ਅਕਾਲ-ਪੁਰਖ ਦਾ ਨਾਮ, ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ ।82526
     ਚੰਦੀ ਅਮਰ ਜੀਤ ਸਿੰਘ     (ਚਲਦਾ)  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.