ਗੁਰਬਾਣੀ ਦੀ ਸਰਲ ਵਿਆਖਿਆ ਭਾਗ (373)
ਆਪੇ ਮਾਇਆ ਆਪੇ ਛਾਇਆ ॥ ਆਪੇ ਮੋਹੁ ਸਭੁ ਜਗਤੁ ਉਪਾਇਆ ॥
ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ ॥5॥
ਹੇ ਭਾਈ, ਕਰਤਾਰ ਨੇ ਆਪ ਹੀ ਮਾਇਆ ਪੈਦਾ ਕੀਤੀ ਹੈ, ਉਸ ਨੇ ਆਪ ਹੀ ਮਾਇਆ ਦਾ ਪ੍ਰਭਾਵ ਪੈਦਾ ਕੀਤਾ ਹੈ।
ਕਰਤਾਰ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ ਤੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ। ਕਰਤਾਰ ਆਪ ਹੀ ਆਪਣੇ ਗੁਣਾਂ ਦੀ ਦਾਤ ਜੀਵਾਂ ਨੂੰ ਦੇਣ ਵਾਲਾ ਹੈ, ਆਪ ਹੀ ਆਪਣੇ ਗੁਣ ਜੀਵਾਂ ਵਿਚ ਵਿਆਪਕ ਹੋ ਕੇ ਗਾਂਦਾ ਹੈ, ਆਪ ਹੀ ਆਪਣੇ ਗੁਣ ਉਚਾਰ ਕੇ ਹੋਰਨਾਂ ਨੂੰ ਸੁਣਾਂਦਾ ਹੈ।5।
ਆਪੇ ਕਰੇ ਕਰਾਏ ਆਪੇ ॥ ਆਪੇ ਥਾਪਿ ਉਥਾਪੇ ਆਪੇ ॥
ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥6॥
ਹੇ ਭਾਈ ਸਭ ਜੀਵਾਂ ਵਿਚ ਵਿਆਪਕ ਹੋ ਕੇ ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਆਪ ਹੀ ਜੀਵਾਂ ਪਾਸੋਂ ਕਰਾ ਰਿਹਾ ਹੈ। ਕਰਤਾਰ ਆਪ ਹੀ ਜਗਤ ਦੀ ਰਚਨਾ ਕਰ ਕੇ ਆਪ ਹੀ ਜਗਤ ਦਾ ਨਾਸ ਕਰਦਾ ਹੈ। ਹੇ ਪ੍ਰਭੂ ਜੋ ਕੁਝ ਜਗਤ ਵਿਚ ਹੋ ਰਿਹਾ ਹੈ, ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਤੂੰ ਆਪ ਹੀ ਸਭ ਜੀਵਾਂ ਨੂੰ ਕੰਮ-ਕਾਰ ਵਿਚ ਲਾ ਰਿਹਾ ਹੈਂ।6।
ਆਪੇ ਮਾਰੇ ਆਪਿ ਜੀਵਾਏ ॥ ਆਪੇ ਮੇਲੇ ਮੇਲਿ ਮਿਲਾਏ ॥
ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥7॥
ਹੇ ਭਾਈ, ਪਰਮਾਤਮਾ ਆਪ ਹੀ ਕਿਸੇ ਜੀਵ ਨੁੰ ਆਤਮਕ ਮੌਤ ਦੇ ਰਿਹਾ ਹੈ, ਕਿਸੇ ਨੂੰ ਆਤਮਕ ਜੀਵਨ ਬਖਸ਼ ਰਿਹਾ ਹੈ।
ਪ੍ਰਭੂ ਆਪ ਹੀ ਜੀਵਾਂ ਨੂੰ ਗੁਰੂ ਮਿਲਾਂਦਾ ਹੈ ਤੇ ਗੁਰੂ ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ। ਗੁਰੂ ਦੀ ਦੱਸੀ ਸੇਵਾ ਕਰਨ ਵਾਲੇ ਨੇ ਸਦਾ ਆਤਮਕ ਆਨੰਦ ਮਾਣਿਆ ਹੈ, ਗੁਰੂ ਦੇ ਸਨਮੁਖ ਰਹਣ ਵਾਲਾ ਮਨੁੱਖ ਆਤਮਕ-ਅਡੋਲਤਾ ਵਿਚ ਲੀਨ ਰਹਿੰਦਾ ਹੈ।7।
ਆਪੇ ਊਚਾ ਊਚੋ ਹੋਈ ॥ ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ ॥
ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ ॥8॥26॥27॥
ਹੇ ਭਾਈ, ਪਰਮਾਤਮਾ ਆਪ ਹੀ ਆਪਣੀ ਸਮਰਥਾ ਨਾਲ ਮਾਇਆ ਦੇ ਪ੍ਰਭਾਵ ਤੋਂ ਬਹੁਤ ਹੀ ਉੱਚਾ ਹੈ, ਜਿਸ ਕਿਸੇ ਵਡ-ਭਾਗੀ ਮਨੁੱਖ ਨੂੰ ਪਰਮਾਤਮਾ ਆਪਣੀ ਇਹ ਸਮਰਥਾ ਆਪ ਹੀ ਵਿਖਾਂਦਾ ਹੈ ਉਹ ਵੇਖ ਲੈਂਦਾ ਹੈ ਕਿ ਪ੍ਰਭੂ ਬੜੀਆਂ ਤਾਕਤਾਂ ਵਾਲਾ ਹੈ, ਹੇ ਨਾਨਕ, ਪਰਮਾਤਮਾ ਦੀ ਆਪਣੀ ਹੀ ਮਿਹਰ ਨਾਲ ਕਿਸੇ ਵਡ-ਭਾਗੀ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਮਨੁੱਖ ਵਿਚ ਪ੍ਰਗਟ ਹੋ ਕੇ, ਪ੍ਰਭੂ ਆਪ ਹੀ ਆਪਣੇ ਸਰੂਪ ਦਾ ਦਰਸ਼ਨ ਕਰ ਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ।8।26।27।
ਚੰਦੀ ਅਮਰ ਜੀਤ ਸਿੰਘ (ਚਲਦਾ)