ਗੁਰਬਾਣੀ ਦੀ ਸਰਲ ਵਿਆਖਿਆ ਭਾਗ (374)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (374)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (374)
ਮਾਝ ਮਹਲਾ 3 ॥
ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥ ਗੁਰ ਪਰਸਾਦੀ ਘਰ ਹੀ ਮਹਿ ਪਾਈ ॥
ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥1॥
ਹੇ ਭਾਈ, ਮੇਰਾ ਪ੍ਰਭੂ ਸਭ ਥਾਵਾਂ ਵਿਚ ਪੂਰਨ ਤੌਰ ਤੇ ਮੌਜੂਦ ਹੈ, ਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ। ਮੈਂ ਹੁਣ ਸਦਾ ਉਸ ਨੂੰ ਸਿਮਰਦਾ ਹਾਂ, ਸਦਾ ਇਕਾਗਰ-ਮਨ ਹੋ ਕੇ ਉਸ ਦਾ ਧਿਆਨ ਧਰਦਾ ਹਾਂ।
ਜਿਹੜਾ ਵੀ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।1।
ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥
ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥1॥ ਰਹਾਉ ॥
ਹੇ ਭਾਈ, ਮੈਂ ਉਨ੍ਹਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜਿਹੜੇ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ। ਪਰਮਾਤਮਾ ਜਗਤ ਨੁੰ ਜ਼ਿੰਦਗੀ ਦੇਣ ਵਾਲਾ ਹੈ, ਕਿਸੇ ਦਾ ਉਸ ਨੂੰ ਡਰ ਨਹੀਂ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਜਿਹੜਾ ਮਨੁੱਖ, ਗੁਰੂ ਦੀ ਮੱਤ ਲੈ ਕੇ ਉਸ ਨੂੰ ਆਪਣੇ ਮਨ ਵਿਚ ਵਸਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਿਕਆ ਰਹਿੰਦਾ ਹੈ।1।ਰਹਾਉ।
ਘਰ ਮਹਿ ਧਰਤੀ ਧਉਲੁ ਪਾਤਾਲਾ ॥ ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥
ਸਦਾ ਅਨਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥2॥
ਜਿਹੜਾ ਪਰਮਾਤਮਾ ਧਰਤੀ ਤੇ ਪਾਤਾਲ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਵਿਚ ਵੀ ਵੱਸਦਾ ਹੈ, ਉਹ ਪ੍ਰੀਤਮ-ਪ੍ਰਭੂ ਸਦਾ ਜਵਾਨ ਰਹਣ ਵਾਲਾ ਹੈ, ਉੁਹ ਹਰੇਕ ਹਿਰਦੇ ਵਿਚ ਵੀ ਵੱਸਦਾ ਹੈ। ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ, ਉਸ ਸੁਖ-ਦਾਤੇ ਪ੍ਰਭੂ ਨੂੰ ਸਿਮਰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਮਾਇਆ ਰਹਿੰਦਾ ਹੈ।3।
ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥3॥
ਪਰ ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪ੍ਰਬਲ ਹੈ, ਮਮਤਾ ਪ੍ਰਬਲ ਹੈ, ਉਸ ਮਨੁੱਖ ਦਾ ਜਨਮ-ਮਰਨ ਰੂਪ ਗੇੜ ਨਹੀਂ ਮੁੱਕਦਾ। ਜਿਹੜਾ ਮਨੁੱਖ ਗੁਰੂ ਦੇ ਸਨਮੁੱਖ ਰਹਿੰਦਾ ਹੈ, ਉਹ ਆਪਣੇ ਅੰਦਰੋਂ ਹਉਮੈ ਮਾਰ ਲੈਂਦਾ ਹੈ, ਤੇ ਉਹ ਸਦਾ-ਥਿਰ ਰਹਣ ਵਾਲੇ ਪਰਮਾਤਮਾ ਨੂੰ ਹੀ ਸਿਮਰਦਾ ਹੈ।3।
ਕਾਇਆ ਅੰਦਰਿ ਪਾਪੁ ਪੁਨੁੰ ਦੁਇ ਭਾਈ ॥ ਦੁਹੀ ਮਿਿਲ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥4॥
ਹਉਮੈ ਦੇ ਪ੍ਰਭਾਵ ਹੇਠ ਰਹਣ ਵਾਲੇ ਮਨੁੱਖ ਦੇ ਸਰੀਰ ਵਿਚ ਹਉਮੈ ਤੋਂ ਪੈਦਾ ਹੋਏ ਦੋਵੇਂ ਭਰਾ, ਪਾਪ ਤੇ ਪੁੰਨ ਵੱਸਦੇ ਹਨ, ਇਨ੍ਹਾਂ ਦੋਹਾਂ ਨੇ ਮਿਲ ਕੇ ਹੀ ਜਗਤ ਰਚਨਾ ਕੀਤੀ ਹੈ। ਜਿਹੜਾ ਮਨੁੱਖ ਗੁਰੂ ਦੀ ਮੱਤ ਲੈ ਕੇ ਇਨ੍ਹਾਂ ਦੋਵਾਂ ਦੇ ਪ੍ਰਭਾਵ ਨੂੰ ਮਾਰਦਾ ਹੈ, ਉਹ ਇਕੋ ਘਰ ਵਿਚ, ਪ੍ਰਭੂ ਚਰਨਾਂ ਵਿਚ ਹੀ ਟਿਕ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)