ਗੁਰਬਾਣੀ ਦੀ ਸਰਲ ਵਿਆਖਿਆ ਭਾਗ (379)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (379)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (379)
ਹਉ ਹਉ ਕਰੇ ਤੈ ਆਪੁ ਜਣਾਏ ॥ ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥
ਤੁਝ ਤੇ ਬਾਹਰਿ ਕਿਛੂ ਨ ਹੋਵੈ ਬਖਸੇ ਸਬਦਿ ਸੁਹਾਵਣਿਆ ॥5॥
ਮਾਇਆ ਵੇੜ੍ਹਿਆ ਮਨੁੱਖ ਸਦਾ ਹਉਮੈ ਦੇ ਬੋਲ ਬੋਲਦਾ ਹੈ, ਆਪਣੇ ਆਪ ਨੂੰ ਵੱਡਾ ਜ਼ਾਹਰ ਕਰਦਾ ਹੈ, ਆਪਣੇ ਵਲੋਂ ਮਿਥੇ ਹੋਏ ਧਾਰਮਿਕ ਕੰਮ ਵੀ ਵਧੇਰੇ ਕਰਦਾ ਹੈ, ਪਰ ਉਸ ਦਾ ਕੋਈ ਕੰਮ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨਹੀਂ ਹੁੰਦਾ। ਹੇ ਪ੍ਰਭੂ ਤੇਰੀ ਮਿਹਰ ਤੋਂ ਬਿਨਾ ਜੀਵ ਪਾਸੋਂ ਕੁਝ ਨਹੀਂ ਹੋ ਸਕਦਾ। ਹੇ ਭਾਈ, ਜਿਸ ਮਨੁੱਖ ਉੱਤੇ ਪ੍ਰਭੂ ਦਇਆ ਕਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।5।
ਉਪਜੈ ਪਚੈ ਹਰਿ ਬੂਝੈ ਨਾਹੀ ॥ ਅਨਦਿਨੁ ਦੂਜੈ ਭਾਇ ਫਿਰਾਹੀ ॥
ਮਨਮੁਖ ਜਨਮੁ ਗਇਆ ਹੈ ਬਿਰਥਾ ਅੰਤਿ ਗਇਆ ਪਛੁਤਾਵਣਿਆ ॥6॥
ਜਿਹੜਾ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਉਹ ਕਦੇ ਜੰਮਦਾ ਹੈ, ਕਦੇ ਮਰਦਾ ਹੈ, ਕਦੇ ਤਾਂ ਉਹ ਸੁਖ ਦਾ ਸਾਹ ਲੈਂਦਾ ਹੈ, ਕਦੇ ਹਉਕੇ ਭਰਦਾ ਹੈ। ਜਿਹੜੇ ਮਨੁੱਖ, ਪ੍ਰਭੂ ਨੂੰ ਵਿਸਾਰ ਕੇ, ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹ ਹਰ ਵੇਲੇ ਮਾਇਆ ਦੀ ਖਾਤਰ ਹੀ ਭਟਕਦੇ ਫਿਰਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ, ਉਹ ਆਖਰ, ਦੁਨੀਆ ਤੋਂ ਪਛਤਾਂਦਾ ਹੀ ਜਾਂਦਾ ਹੈ।6।
ਪਿਰੁ ਪਰਦੇਸਿ ਸਿਗਾਰੁ ਬਣਾਏ ॥ ਮਨਮੁਖ ਅੰਧੁ ਐਸੇ ਕਰਮ ਕਮਾਏ ॥
ਹਲਤਿ ਨ ਸੋਭਾ ਪਲਤਿ ਨ ਢੋਈ ਬਿਰਥਾ ਜਨਮੁ ਗਵਾਵਣਿਆ ॥7॥
ਇਸਤ੍ਰੀ ਦਾ ਪਤੀ ਪਰਦੇਸ ਵਿਚ ਹੋਵੇ, ਤੇ ਉਹ ਆਪਣੇ ਸਰੀਰ ਦਾ ਸ਼ੰਗਾਰ ਕਰਦੀ ਰਹੇ, ਅਜਿਹੀ ਇਸਤ੍ਰੀ ਨੂੰ ਸੁਖ ਨਹੀਂ ਮਿਲ ਸਕਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਵੀ ਇਹੋ-ਜਿਹੇ ਕਰਮ ਹੀ ਕਰਦਾ ਹੈ। ਉਸ ਨੂੰ ਇਸ ਲੋਕ ਵਿਚ ਵੀ ਸੋਭਾ ਨਹੀਂ ਮਿਲਦੀ, ਤੇ ਪਰਲੋਕ ਵਿਚ ਵੀ ਸਹਾਰਾ ਨਹੀਂ ਮਿਲਦਾ। ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ।7।
ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ ॥ ਪੂਰੇ ਗੁਰ ਕੈ ਸਬਦਿ ਪਛਾਤਾ ॥
ਅਨਦਿਨੁ ਭਗਤਿ ਕਰੇ ਦਿਨੁ ਰਾਤੀ ਸਹਜੇ ਹੀ ਸੁਖੁ ਪਾਵਣਿਆ ॥8॥
ਕਿਸੇ ਵਿਰਲੇ ਮਨੁੱਖ ਨੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਈ ਹੈ। ਕੋਈ ਵਿਰਲਾ ਮਨੁੱਖ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਸਾਂਝ ਪਾਂਦਾ ਹੈ। ਜਿਹੜਾ ਸਾਂਝ ਪਾਂਦਾ ਹੈ ਉਹ ਹਰ ਰੋਜ਼, ਦਿਨ-ਰਾਤ ਪ੍ਰਭੂ ਦੀ ਭਗਤੀ ਕਰਦਾ ਹੈ, ਤੇ ਆਤਮਕ ਅਡੋਲਤਾ ਵਿਚ ਹੀ ਟਿਿਕਆ ਰਹਿ ਕੇ ਆਤਮਕ ਆਨੰਦ ਮਾਣਦਾ ਹੈ।8।
ਸਭ ਮਹਿ ਵਰਤੈ ਏਕੋ ਸੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥
ਨਾਨਕ ਨਾਮਿ ਰਤੇ ਜਨ ਸੋਹਹਿ ਕਰਿ ਕਿਰਪਾ ਆਪਿ ਮਿਲਾਵਣਿਆ ॥9॥29॥30॥
ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਇਕ ਪਰਮਾਤਮਾ ਹੀ ਸਭ ਜੀਵਾਂ ਵਿਚ ਮੌਜੂਦ ਹੈ। ਹੇ ਨਾਨਕ, ਜਿਹੜੇ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਪਣਾ ਜੀਵਨ ਸੁੰਦਰ ਬਣਾ ਲੈਂਦੇ ਹਨ। ਪ੍ਰਭੂ ਮਿਹਰ ਕਰ ਕੇ ਆਪ ਹੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।9।29।30।
ਚੰਦੀ ਅਮਰ ਜੀਤ ਸਿੰਘ (ਚਲਦਾ)