ਗੁਰਬਾਣੀ ਦੀ ਸਰਲ ਵਿਆਖਿਆ ਭਾਗ (381)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (381)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (381)
ਕੂੜ ਕੁਸਤੁ ਤਿਨਾ ਮੈਲੁ ਨ ਲਾਗੈ ॥ ਗੁਰ ਪਰਸਾਦੀ ਅਨਦਿਨੁ ਜਾਗੈ ॥
ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥ 5॥
ਅਜਿਹੇ ਮਨੁੱਖ ਦੇ ਹਿਰਦੇ ਨੂੰ ਕੁਝ ਪੋਹ ਨਹੀਂ ਸਕਦਾ, ਠੱਗੀ ਪੋਹ ਨਹੀਂ ਸਕਦੀ, ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਜਿਸ ਮਨੁੱਖ ਦੇ ਹਿਰਦੇ ਵਿਚ ਪਵਿੱਤ੍ਰ ਸਰੂਪ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਹਰ ਵੇਲੇ, ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦਾ ਹੈ, ਉਸ ਦੀ ਸੁਰਤ ਪਰਮਾਤਮਾ ਦੀ ਜੋਤ ਵਿਚ ਮਿਲੀ ਰਹਿੰਦੀ ਹੈ ।5।
ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥ ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ ॥
ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥6॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ, ਉਹ ਜਗਤ ਦੇ ਮੂਲ, ਪਰਮਾਤਮਾ ਦੀ ਯਾਦ ਤੋਂ ਖੁੰਝੇ ਰਹਿੰਦੇ ਹਨ, ਉਹ ਜਗਤ ਦੇ ਅਸਲੇ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਂਦੇ, ਤੇ ਉਹ ਸਦਾ ਤ੍ਰਿਗੁਣੀ ਮਾਇਆ ਦੇ ਲੇਖੇ ਹੀ ਪੜ੍ਹਦੇ ਰਹਿੰਦੇ ਹਨ। ਮਾਇਆ ਦੇ ਮੋਹ ਵਿਚ ਗਲਤਾਨ ਉਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੀ ਭਗਤੀ ਕਰਨ ਬਾਰੇ ਕੁਝ ਵੀ ਨਹੀਂ ਸੁਝਦਾ।
ਹੇ ਭਾਈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ।6।
ਵੇਦੁ ਪੁਕਾਰੈ ਤ੍ਰਿiਬਧਿ ਮਾਇਆ ॥ ਮਨਮੁਖ ਨ ਬੂਝਹਿ ਦੂਜੈ ਭਾਇਆ ॥
ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੈ ਦੁਖੁ ਪਾਵਣਿਆ ॥7॥
ਪੰਡਿਤ, ਵੇਦ ਆਦਿ ਧਰਮ ਪੁਸਤਕ ਨੂੰ ਉੱਚੀ ਉੱਚੀ ਪੜ੍ਹਦਾ ਹੈ, ਪਰ ਉਸ ਦੇ ਅੰਦਰ ਤ੍ਰਿਗੁਣੀ ਮਾਇਆ ਦਾ ਪਰਭਾਵ ਬਣਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਜੀਵਨ ਨੂੰ ਨਹੀਂ ਸਮਝਦੇ, ਉਨ੍ਹਾਂ ਦਾ ਮਨ ਮਾਇਆ ਦੇ ਪਿਆਰ ਵਿਚ ਹੀ ਟਿiਕਆ ਰਹਿੰਦਾ ਹੈ। ਉਹ ਇਨ੍ਹਾਂ ਧਰਮ-ਪੁਸਤਕਾਂ ਨੂੰ ਤ੍ਰਿਗੁਣੀ ਮਾਇਆ ਕਮਾਣ ਦੀ ਖਾਤਰ ਪੜ੍ਹਦੇ ਹਨ, ਇਕ ਰੱਬ ਨਾਲ ਸਾਂਝ ਨਹੀਂ ਪਾਂਦੇ, ਧਰਮ ਪੁਸਤਕਾਂ ਪੜ੍ਹਦੇ ਹੋਏ ਵੀ ਇਸ ਤੱਤ ਨੂੰ ਸਮਝਣ ਤੋਂ ਬਿਨਾ ਦੁੱਖ ਹੀ ਪਾਂਦੇ ਰਹਿੰਦੇ ਹਨ।7।
ਕੀ ਉਨ੍ਹਾਂ ਪੰਡਿਤਾਂ ਅਤੇ ਅੱਜ ਦੇ ਕੇਸਾ-ਧਾਰੀ ਪੰਡਿਤਾਂ (ਸਿੱਖਾਂ) ਵਿਚ ਕੋਈ ਫਰਕ ਕੀਤਾ ਜਾ ਸਕਦਾ ਹੈ ? ਜਿਨ੍ਹਾਂ ਅੱਜ ਸ਼ਬਦ- ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ (ਆਮ ਧਰਮ-ਪੁਸਤਕਾਂ ਵਾਙ) ਤ੍ਰਿਗੁਣੀ ਮਾਇਆ ਕਮਾਣ ਦਾ ਧੰਦਾ ਬਣਾਇਆ ਹੋਇਆ ਹੈ)
ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥ ਗੁਰ ਸਬਦੀ ਸਹਸਾ ਦੂਖੁ ਚੁਕਾਏ ॥
ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ॥8॥30॥ 31॥
ਪਰ ਜੀਵਾਂ ਦੇ ਵੀ ਕੀ ਵੱਸ ਹੈ ? ਜਦੋਂ ਪਰਮਾਤਮਾ ਦੀ ਆਪਣੀ ਰਜ਼ਾ ਹੁੰਦੀ ਹੈ, ਤਦੋਂ ਉਹ ਆਪ ਹੀ ਜੀਵ ਨੂੰ ਆਪਣੇ ਚਰਨਾਂ ਵਿਚ ਮਿਲਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਹਮ ਤੇ ਦੁੱਖ ਦੂਰ ਕਰਦਾ ਹੈ।
ਹੇ ਨਾਨਕ, ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਨਾਮ ਸਿਮਰਨ ਦੀ ਸਦਾ-ਥਿਰ ਰਹਣ ਵਾਲੀ ਇੱਜ਼ਤ ਦੇਂਦਾ ਹੈ, ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਨ ਨੂੰ ਹੀ ਜੀਵਨ ਮਨੋਰਥ ਮੰਨ ਕੇ ਆਤਮਕ ਆਨੰਦ ਮਾਣਦਾ ਹੈ।8।30।31।
ਚੰਦੀ ਅਮਰ ਜੀਤ ਸਿੰਘ (ਚਲਦਾ)