ਗੁਰਦੇਵ ਸਿੰਘ ਸੱਧੇਵਾਲੀਆ
ਸੁੰਨੇ ਸੁੰਨੇ ਰਾਹਾਂ ਉਤੇ ਕੋਈ ਕੋਈ ਪੈੜ ਏ
Page Visitors: 70
ਸੁੰਨੇ ਸੁੰਨੇ ਰਾਹਾਂ ਉਤੇ ਕੋਈ ਕੋਈ ਪੈੜ ਏ
ਦਿਸਦਾ ਈ ਕੋਈ ਨਾ। ਭਿਆਨਕ ਚੁਪ ਅਤੇ ਸਨਾਟਾ ਇਨਾ ਕਿ ਬੰਦਾ ਦੇਖ ਕੇ ਹੀ ਮੁੜ ਆਏ ਪੁਠੇ ਪੈਰੀਂ। ਕੌਣ ਹੌਸਲਾ ਕਰੇ ਇਸ ਇਕਲਾਪੇ ਵਿਚ ਤੁਰਨ ਦਾ ਦੂਜਾ ਇਸ ਦੀ ਮੰਜਲ ਸਿੱਧੀ ਮੌਤ ਜਾਂ ਸਾਰੀ ਉਮਰ ਦੀ ਜਿਹਲ।
ਨਾ ਕਿਸੇ ਮਹੱਲ ਵੰਨੀ ਜਾਵੇ ਇਹ ਰਸਤਾ ਨਾ ਚੁਬਾਰਿਆਂ ਵਲ। ਨਾ ਕੋਠੀਆਂ ਵਲ ਨਾ ਵਡੇ ਘਰਾਂ ਵੰਨੀ। ਉਲਟਾ ਪਿਛੇ ਰਹਿ ਗਏ ਘਰਾਂ ਦੇ ਚੁਲਿਆਂ ਵਿਚ ਵੀ ਘਾਹ ਉਗ ਆਓਂਦਾ ਬਨੇਰੇ ਢਠ ਜਾਂਦੇ ਖੋਲੇ ਹੋ ਜਾਂਦੇ ਨੇ ਘਰ।
ਬਾਬਾ ਕਬੀਰ ਜੀ ਵੀ ਕਹਿੰਦੇ ਘਾਟੀ ਔਖੀ ਐ ਕਿਹੜਾ ਚੜੇ। ਭੀੜਾਂ ਵਾਲਾ ਰਸਤਾ ਸੌਖਾ ਬੰਦਾ ਸੇਫ ਰਹਿੰਦਾ ਪਰ ਇਹ ਰਾਹ ਤਾਂ ਬਘਿਆੜਾਂ ਚੀਤਿਆਂ ਅਤੇ ਭੇੜੀਆਂ ਨਾਲ ਭਰੇ ਪਏ ਨੇ। ਬੰਦਾ ਤੁਰਿਆ ਨਹੀ ਕਿ ਸ਼ਿਕਾਰੀ ਕੁਤੇ ਖੋਹਲ ਦਿਤੇ ਜਾਂਦੇ ਨੇ। ਪਰ ਜਿਹੜਾ ਕੋਈ ਵਿਰਲਾ ਤੁਰਦਾ ਇਤਹਾਸ ਹੋ ਜਾਂਦਾ ਯਾਣੀ ਸਦਾ ਲਈ ਜਿਓਂਦਾ।
ਦਿਹਾੜੀ ਵਿਚ ਹਜਾਰਾਂ ਮਰਦੇ ਲਖਾਂ ਜੰਮਦੇ ਧਰਤੀ ਤੇ ਪਰ ਕੌਣ ਪੁਛਦਾ ਕਿਹੜਾ ਆਇਆ ਕੌਣ ਗਿਆ।
ਪਹਿਲੀ ਗਲ ਤਾਂ ਤੁਰਦਾ ਕੋਈ ਨਹੀ ਜੇ ਤੁਰੇ ਤਾਂ ਰਸਤੇ ਵਿਚਲੀ ਵਿਰਾਨਤਾ ਦੇਖ ਹੀ ਮੁੜ ਆਓਂਦਾ ਪਰ ਜੇ ਥੋੜਾ ਹੌਸਲਾ ਹੋਰ ਕਰ ਲਏ ਤਾਂ ਆਲਾ ਦੁਆਲਾ ਹੀ ਬੋਲ ਉਠਦਾ
ਤੈਂ ਜਿਆਦਾ ਸੰਸਾਰ ਸਿਰ ਤੇ ਚਕਿਆ, ਬਾਕੀ ਵੀ ਤੁਰੇ ਹੀ ਫਿਰਦੇ ਤੂੰ ਕੋਈ ਠੇਕਾ ਲਿਆ ਦੁਨੀਆਂ ਦਾ। ਅਪਣੇ ਨਿਆਣੇ ਦੇਖ ਟਬਰ ਸਾਂਭ ਆਵਦਾ। ਕਖ ਨਹੀ ਰਖਿਆ ਪੰਗਿਆਂ ਵਿਚ।
ਆਮ ਦੁਨੀਆਂ ਦੀ ਕੀ ਆਖਣੀ ਡੇਰੇਦਾਰ ਬਾਬੇ ਮਾਲਾ ਦੀਆਂ ਓਹ ਮੀਲਾਂ ਪਾ ਪਾ ਗਿਣਦੇ ਕਿ ਮਾਲਾ ਹੀ ਟੁਟਣ ਵਾਲੀ ਕਰ ਸੁਟਦੇ। ਆਹਾ ਨਾਮਧਾਰੀਆਂ ਦੀਆਂ ਰਾਮ ਗਊਆਂ ਤਾਂ ਸਟੇਜ ਤੇ ਬੈਠੀਆਂ ਵੀ ਹਰਟ ਗੇੜੀ ਰਖਦੀਆਂ ਪਰ ਕਿਸੇ ਪੈੜ ਦੇਖੀ ਹੋਵੇ ਇਨਾ ਦੀ ਸੁੰਨੇ ਰਾਹਾਂ ਤੇ ਜਾਂ ਕਿਸੇ ਡੇਰੇ ਦੇ ਚੁਲਿਆਂ ਤੇ ਘਾਹ ਉਗਿਆ ਦੇਖਿਆ ਹੋਵੇ। ਸਗੋਂ ਸੰਗਮਰਮਰ ਅਤੇ ਚਿਟੇ ਚੋਲੇ ਇਨਾ ਦੇ ਹੋਰ ਨਿਖਰਦੇ ਅਤੇ ਲਿਸ਼ਕਦੇ ਆਓਂਦੇ।
ਭੀੜਾਂ ਤੌੜੀ ਬਾਬੇ ਦੇ ਥੋੜੀਆਂ ਹੁੰਦੀਆਂ ਸਨ ਪਰ ਅਜਨਾਲੇ ਦੇ ਪੰਜ ਸਤ ਕੁ ਗੁੰਡੇ ਹੀ ਕਈ ਦਿਨ ਲਲਕਾਰੇ ਮਾਰਦੇ ਰਹੇ ਪਰ ਭੀੜ ਲਭੀ ਕਿਥੇ।
'ਸਿਆਣਾ' ਨਿਕਲਿਆ ਬਾਬਾ ਤੋਤਾ 'ਮਾਈਂਡ ਸੈਟ' ਵੰਨੀ ਹੋ ਲਿਆ ਨਹੀ ਤਾਂ ਮਿਰਜੇ ਤਰਾਂ ਕਿਸੇ ਟੁਕ ਦੇਣਾ ਸੀ ਹੁਣ ਤਕ।
ਕਿਸੇ ਬਾਬੇ ਦਾ ਕਿਸੇ ਗਾਓਂਣ ਵਾਲੇ ਦਾ ਅਖਾੜਾ ਲਵਾ ਕੇ ਦੇਖ ਲਓ ਜੇ ਪੈਰ ਨਾ ਮਿਧ ਮਿਧ ਸੁਟੇ ਭੀੜ ਨੇ ਇਕ ਦੂਏ ਦੇ। ਇਹ ਵਖਰੀ ਗਲ ਕਿ ਇਨਾ ਅਖਾੜਿਆਂ ਵਿਚ ਜਦ ਪੁਲਿਸ ਦੀ ਡਾਂਗ ਵਰਦੀ ਕੁਝ ਚਿਰ ਪਹਿਲਾਂ ਗਾਓਂਣ ਵਾਲੇ ਨੂੰ ਹਵਾਈ ਕਿਸਾਂ ਛਡਣ ਵਾਲੇ ਅਤੇ ਲਵ ਯੂ ਲਵ ਯੂ ਕਹਿਣ ਵਾਲੇ ਇਓਂ ਦੌੜਦੇ ਜਿਵੇਂ ਉਲਟੇ ਹੋਏ ਟਰੱਕ ਦੇ ਖਰਬੂਜੇ ਰਿੜਦੇ ਜਾਂਦੇ। ਕੁੜੀਆਂ ਤਰਾਂ ਕੰਨ ਵੰਨਾਈ ਫਿਰਦਾ ਮੁਤੀਂਆ ਵਾਲਾ ਗਾਇਕ ਅਬਲਾ ਨਾਰੀ ਤਰਾਂ ਇਕਲਾ ਹੀ ਡੌਰ ਫੌਰਾ ਇਓਂ ਖੜਾ ਹੁੰਦਾ ਜਿਵੇਂ ਮੱਕੀ ਵਿਚ ਡਰਨਾ ਗਡਿਆ ਹੁੰਦਾ ਕਿਓਂਕਿ ਥੋੜਾ ਚਿਰ ਪਹਿਲਾਂ ਖੌਰੂ ਪਾ ਪਾ ਮਿਟੀ ਪਟਣ ਵਾਲੇ ਫਟੇ ਚਕ ਕਦ ਦੇ ਦੌੜ ਚੁਕੇ ਹੁੰਦੇ।
ਪਰ ਜਿਥੇ ਮਰਦ ਤੁਰਦੇ ਓਥੇ ਭੀੜਾਂ ਕਾਹਨੂੰ ਹੁੰਦੀਆਂ ਅਤੇ ਰਸਤੇ ਜਰੂਰ ਸੁੰਨੇ ਹੁੰਦੇ ਪਰ ਤੁਰਨ ਵਾਲੇ ਲੋਹਿਆਂ ਦੇ ਇਰਾਦਿਆਂ ਵਾਲੇ ਮਜਾਲ ਲਿਫ ਜਾਣ।
ਕੜੀ ਵਰਗਾ ਜਵਾਨ ਪੁਤ ਅਖਾਂ ਸਾਹਵੇਂ ਵਢ ਕੇ ਔਹ ਮਾਰਿਆ। ਭਰਾ ਵੀ ਵਢ ਸੁਟਿਆ ਭਤੀਜਾ ਵੀ ਘਰਵਾਲੀ ਵੀ ਪਰ ਜਲਾਦ ਨੇ ਘਰਰਚਚ ਕਰਦਾ ਟੋਕਾ ਜਦ ਗੁਟ ਤੇ ਮਾਰਿਆ ਤਾਂ ਸਿੰਘ ਨੇੰ ਹਥ ਫੜ ਲਿਆ ਜਲਾਦ ਦਾ ਤੇ ਕਹਿੰਦਾ ਕਾਹਲੀ ਕਾਹਦੀ ਬੰਦ ਦੇਖ ਕਿੰਨੇ ਛਡ ਗਿਆਂ।
ਜਵਾਨ ਪੁਤ ਦੀਆਂ ਆਂਦਰਾ ਦੇ ਰੁਗ ਧੂਹ ਧੂਹ ਸੁਟੇ ਚਰਖੜੀ ਨੇ ਤੇ ਕਾਜੀ ਦੇਖਦਾ ਸ਼ਾਇਦ ਪਿਓ ਨੀਵੀ ਪਾ ਜਾਏ ਕਿ ਦੇਖਿਆ ਨਹੀ ਜਾਂਦਾ ਪਰ ਓਧਰ ਤਾਂ ਪਾਧੀਂ ਹੀ ਸੁੰਨਿਆਂ ਰਾਹਵਾਂ ਦੇ ਸਨ।
ਪੋਟਾ ਪੋਟਾ ਕਰਕੇ ਤੋੜ ਸੁਟੇ 84 ਵੇਲੇ ਫੜੇ ਗਏ ਬੰਦੇ। ਪਰ ਸਿੰਘ ਇਕ ਕਹਿੰਦਾ ਥਾਣੇਦਾਰਾ ਬਾਕੀ ਛਡ ਜਾਹ ਇਕ ਵਾਰ ਹਾਇ ਵੀ ਕਢਾ ਦਿਤੀ ਮੈਂ ਸਿਖੀ ਛਡੀ ਚਲ ਹੋ ਜਾਹ ਸ਼ੁਰੂ।
ਮਾਨੋਚਾਹਲ, ਸੁਖਦੇਵ ਸਿੰਘ ਬਬਰ, ਭਾਈ ਛੰਦੜਾ, ਕੁਲਵੰਤ ਸਿੰਘ ਨਾਗੋਕੇ ਪਤਾ ਨਹੀ ਕਿੰਨੇ ਜਿਹੜੇ ਸੁੰਨੇ ਰਾਹਾਂ ਦੇ ਪਾਂਧੀ ਹੋ ਗਏ ਯਾਣੀ ਬੰਦ ਬੰਦ ਕਟ ਗਏ ਪਰ ਰਸਤਿਓਂ ਕਾਹਨੂੰ ਮੁੜਦੇ ਲੋਹੇ ਦੇ ਬੰਦੇ।
ਪੈੜ ਕੋਈ ਕੋਈ ਹੀ ਦਿਸੂ ਇਨਾ ਸੁੰਨੇ ਰਾਹਾਂ ਤੇ ਪਰ ਇਹ ਪੈੜਾਂ ਲੋਹੇ ਤੇ ਲਕੀਰ ਨੇ ਨਹੀ ਤਾਂ ਬਥੇਰੀਆਂ ਪੈੜਾਂ ਜਿਹੜੀਆਂ ਮਾੜਾ ਜਿਹਾ ਘਟਾ ਉਡਿਆ ਤੇ ਮਿਟ ਗਈਆਂ ਤੇ ਕਿਸੇ ਨੂੰ ਪਤਾ ਵੀ ਨਾ ਕਿ ਕੌਣ ਆਇਆ ਜੰਮਿਆ ਤੇ ਮਰ ਗਿਆ।
ਗੁਰਦੇਵ ਸਿੰਘ ਸੱਧੇਵਾਲੀਆ