ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (382)
Page Visitors: 96
ਗੁਰਬਾਣੀ ਦੀ ਸਰਲ ਵਿਆਖਿਆ ਭਾਗ (382)
ਮਾਝ ਮਹਲਾ 3 ॥
ਨਿਰਗੁਣੁ ਸਰਗੁਣੁ ਆਪੇ ਸੋਈ ॥ ਤਤੁ ਪਛਾਣੈ ਸੋ ਪੰਡਿਤੁ ਹੋਈ ॥
ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥1॥
ਉਹ ਪਰਮਾਤਮਾ ਆਪ ਹੀ ਉਸ ਸਰੂਪ ਵਾਲਾ ਹੈ, ਜਿਸ ਵਿਚ ਮਾਇਆ ਦੇ ਤਿੰਨਾਂ ਗੁਣਾਂ ਦਾ ਲੋਭ ਨਹੀਂ ਹੁੰਦਾ, ਆਪ ਹੀ ਉਸ ਸਰੂਪ ਵਾਲਾ ਹੈ, ਜਿਸ ਵਿਚ ਮਾਇਆ ਦੇ ਤਿੰਨ ਗੁਣ ਮੌਜੂਦ ਹਨ, ਆਕਾਰ ਤੋਂ ਰਹਿਤ ਵੀ ਆਪ ਹੀ ਹੈ, ਤੇ ਫਿਰ ਦਿਸਦਾ ਆਕਾਰ ਰੂਪ ਵੀ ਆਪ ਹੀ ਹੈ। ਜਿਹੜਾ ਮਨੁੱਖ ਉਸ ਅਸਲੇ ਨੂੰ ਪਛਾਣਦਾ ਹੈ, ਉਸ ਅਸਲੇ ਨਾਲ ਸਾਂਝ ਪਾਂਦਾ ਹੈ, ਉਹ ਪੰਡਿਤ ਬਣ ਜਾਂਦਾ ਹੈ। ਉਹ ਮਨੁੱਖ ਆਪ ਸੰਸਾਰ-ਸਮੁਂਦਰ ਤੋਂ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ।1।
ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥
ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥1॥ ਰਹਾਉ ॥
ਮੈਂ ਉਨ੍ਹਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜਿਹੜੇ ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਉਸ ਦਾ ਆਤਮਕ ਆਨੰਦ ਮਾਣਦੇ ਹਨ। ਜਿਹੜੇ ਮਨੁੱਖ ਹਰਿ-ਨਾਮ ਦਾ ਰਸ ਚੱਖਦੇ ਹਨ, ਉਹ ਪਵਿੱਤ੍ਰ ਆਤਮਾ ਹੋ ਜਾਂਦੇ ਹਨ, ਉਹ ਪਵਿੱਤ੍ਰ ਪ੍ਰਭੂ ਦਾ ਨਾਮ ਸਦਾ ਸਿਮਰਦੇ ਹਨ।1।ਰਹਾਉ।
ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥ ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥
ਨਾਮੁ ਪਦਾਰਥੁ ਨਉ ਨਿਿਧ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥2॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਂਦਾ ਹੈ, ਉਹ ਦੁਨੀਆ ਦਾ ਕਾਰ-ਵਿਹਾਰ ਵਾਸਨਾ ਰਹਿਤ ਹੋ ਕੇ ਕਰਦਾ ਹੈ, ਉਸ ਦੇ ਅੰਦਰ ਜਗਤ ਦਾ ਮੂਲ, ਪ੍ਰਭੂ ਪਰਗਟ ਹੋ ਜਾਂਦਾ ਹੈ, ਉਹ ਗੁਰੂ ਦੇ ਬਖਸੇ ਗਿਆਨ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ। ਉਹ ਪਰਮਾਤਮਾ ਦਾ ਨਾਮ-ਖਜ਼ਾਨਾ ਲੱਭ ਲੈਂਦਾ ਹੈ, ਜੋ ਉਸ ਦੇ ਵਾਸਤੇ ਦੁਨੀਆ ਦੇ ਨੌਂ ਖਜ਼ਾਨੇ ਹੀ ਹੈ। ਇਸ ਨਾਮ ਪਦਾਰਥ ਦੀ ਬਰਕਤ ਨਾਲ ਉਹ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਿਟਾ ਕੇ ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ ।2।
ਹਉਮੈ ਕਰੈ ਨਿਹਕਰਮੀ ਨ ਹੋਵੈ ॥ ਗੁਰ ਪਰਸਾਦੀ ਹਉਮੈ ਖੋਵੈ ॥
ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥3॥
ਜਿਹੜਾ ਮਨੁੱਖ, ਮੈਂ ਕਰਦਾ ਹਾਂ, ਮੈਂ ਕਰਦਾ ਹਾਂ ਦੀ ਰੱਟ ਲਗਾਈ ਰੱਖਦਾ ਹੈ, ਉਹ ਵਾਸਨਾ ਰਹਿਤ ਨਹੀਂ ਹੋ ਸਕਦਾ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਮਨੁੱਖ ਹਉਮੈ ਦੂਰ ਕਰ ਸਕਦਾ ਹੈ। ਜਿਹੜਾ ਮਨੁੱਖ ਹਉਮੈ ਦੂਰ ਕਰ ਲੈਂਦਾ ਹੈ, ਉਸ ਦੇ ਅੰਦਰ ਚੰਗੇ ਮੰਦੇ ਕੰਮ ਦੀ ਪਰਖ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ ਆਪਣੇ ਆਤਮਕ ਜੀਵਨ ਨੂੰ ਸਵਾਰਦਾ ਰਹਿੰਦਾ ਹੈ।3।
ਹਰਿ ਸਰੁ ਸਾਗਰੁ ਨਿਰਮਲੁ ਸੋਈ ॥ ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥
ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥4॥
ਹੇ ਭਾਈ ਉਹ ਪਰਮਾਤਮਾ ਹੀ ਪਵਿੱਤ੍ਰ ਮਾਨਸਰੋਵਰ ਹੈ, ਪਵਿੱਤ੍ਰ ਸਮੁੰਦਰ ਹੈ, ਪਵਿੱਤ੍ਰ ਤੀਰਥ ਹੈ, ਸੰਤ ਜਨ ਗੁਰੂ ਦੀ ਸਰਨ ਪੈ ਕੇ, ਉਸ ਵਿਚੋਂ ਸਦਾ ਪ੍ਰਭੂ-ਨਾਮ-ਮੋਤੀ ਚੁਗਦੇ ਰਹਿੰਦੇ ਹਨ। ਸੰਤ-ਜਨ ਸਦਾ ਦਿਨ ਰਾਤ ਉਸ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਤੇ ਆਪਣੇ ਅੰਦਰੋਂ ਹਉਮੈ ਦੀ ਮੈਲ ਉਤਾਰਦੇ ਰਹਿੰਦੇ ਹਨ ।4।
ਚੰਦੀ ਅਮਰ ਜੀਤ ਸਿੰਘ (ਚਲਦਾ)