ਗੁਰਬਾਣੀ ਦੀ ਸਰਲ ਵਿਆਖਿਆ ਭਾਗ (383)
ਨਿਰਮਲ ਹੰਸਾ ਪ੍ਰੇਮ ਪਿਆਰ ॥ ਹਰਿ ਸਰਿ ਵਸੈ ਹਉਮੈ ਮਾਰਿ ॥
ਅਹਿiਨਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥5॥
ਉਹ ਮਨੁੱਖ, ਮਾਨੋ ਸਾਫ-ਸੁਥਰਾ ਹੰਸ ਹੈ, ਜਿਹੜਾ ਪ੍ਰਭੂ ਦੇ ਪ੍ਰੇਮ-ਪਿਆਰ ਵਿਚ ਟਿiਕAw ਰਹਿੰਦਾ ਹੈ। ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪਰਮਾਤਮਾ-ਸਰੋਵਰ ਵਿਚ ਵਸੇਬਾ ਰੱਖਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਦਿਨ ਰਾਤ ਸਦਾ-ਥਿਰ ਕਰਤਾਰ ਵਿਚ ਪ੍ਰੇਮ ਪਾਂਦਾ ਹੈ ਤੇ ਇਸ ਤਰ੍ਹਾਂ ਪਰਮਾਤਮਾ-ਸਰੋਵਰ ਵਿਚ ਨਿਵਾਸ ਹਾਸਲ ਕਰੀ ਰੱਖਦਾ ਹੈ।5।
ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥ ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥
ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥6॥
ਪਰ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਮਾਨੋ ਉਹ ਬਗਲਾ ਹੈ, ਉਹ ਸਦਾ ਮੈਲਾ ਹੈ, ਉਸ ਦੇ ਅੰਦਰ ਹਉਮੈ ਦੀ ਮੈਲ ਲੱਗੀ ਰਹਿੰਦੀ ਹੈ। ਉਹ ਤੀਰਥਾਂ ਤੇ ਇਸ਼ਨਾਨ ਵੀ ਕਰਦਾ ਹੈ, ਪਰ ਇਸ ਤਰ੍ਹਾਂ ਉਸ ਦੀ ਹਉਮੈ ਦੀ ਮੈਲ ਦੂਰ ਨਹੀਂ ਹੁੰਦੀ। ਜਿਹੜਾ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਵੀ, ਆਪਾ ਭਾਵ ਵਲੋਂ ਮਰਿਆ ਰਹਿੰਦਾ ਹੈ, ਜਿਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾਈ ਰੱਖਦਾ ਹੈ, ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ।6।
ਰਤਨੁ ਪਦਾਰਥੁ ਘਰ ਤੇ ਪਾਇਆ ॥ ਪੂਰੈ ਸਤਿਗੁਰਿ ਸਬਦੁ ਸੁਣਾਇਆ ॥
ਗੁਰ ਪਰਸਾਦਿ ਮਿitAw ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥7॥
ਜਿਸ ਮਨੁੱਖ ਨੂੰ ਅਭੁੱਲ ਗੁਰੂ ਨੇ, ਪ੍ਰਭੂ ਦੀ ਸਿਫਤ-ਸਾਲਾਹ ਦਾ ਸ਼ਬਦ ਸੁਣਾ ਦਿੱਤਾ, ਉਸ ਨੇ ਪ੍ਰਭੂ-ਨਾਮ ਰੂਪੀ, ਕੀਮਤੀ ਰਤਨ ਆਪਣੇ ਹਿਰਦੇ ਵਿਚੋਂ ਹੀ ਲੱਭ ਲਿਆ, ਗੁਰੂ ਦੀ ਕਿਰਪਾ ਨਾਲ ਉਸ ਦੇ ਅੰਦਰੋਂ ਅਗਿਆਨਤਾ ਦਾ , ਮਾਇਆ ਦੇ ਮੋਹ ਦਾ ਹਨੇਰਾ ਮਿਟ ਗਿਆ, ਉਸ ਦੇ ਹਿਰਦੇ ਵਿਚ ਆਤਮਕ ਜੀਵਨ ਵਾਲਾ ਚਾਨਣ ਹੋ ਗਿਆ, ਉਸ ਨੇ ਆਤਮਕ ਜੀਵਨ ਨੂੰ ਪਛਾਣ ਲਿਆ।7।
ਆਪਿ ਉਪਾਏ ਤੈ ਆਪੇ ਵੇਖੈ ॥ ਸਤਿਗੁਰੁ ਸੇਵੈ ਸੋ ਜਨੁ ਲੇਖੈ ॥
ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥8॥31॥32॥
ਹੇ ਭਾਈ, ਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਦਾ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ। ਜਿਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਕਬੂਲ ਹੋ ਜਾਂਦਾ ਹੈ। ਹੇ ਨਾਨਕ, ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਜਾਂਦਾ ਹੈ, ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ।8।31।32।
ਚੰਦੀ ਅਮਰ ਜੀਤ ਸਿੰਘ (ਚਲਦਾ)