ਗੁਰਬਾਣੀ ਦੀ ਸਰਲ ਵਿਆਖਿਆ ਭਾਗ (384)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (384)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (384)
ਮਾਝ ਮਹਲਾ 3 ॥
ਮਾਇਆ ਮੋਹੁ ਜਗਤੁ ਸਬਾਇਆ ॥ ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥
ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥1॥
ਮਾਇਆ ਦਾ ਮੋਹ ਸਾਰੇ ਜਗਤ ਨੂੰ ਵਿਆਪ ਰਿਹਾ ਹੈ, ਸਾਰੇ ਹੀ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਹੇਠ ਹਨ, ਮਾਇਆ ਦੇ ਮੋਹੇ ਹੋਏ ਹਨ, ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ ਇਸ ਗੱਲ ਨੂੰ ਸਮਝਦਾ ਹੈ। ਉਹ ਇਨ੍ਹਾਂ ਤਿੰਨਾਂ ਗੁਣਾਂ ਦੀ ਮਾਰ ਤੋਂ ਉਤਲੀ ਆਤਮਿਕ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।1।
ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥
ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥1॥ ਰਹਾਉ ॥
ਮੈਂ ਉਨ੍ਹਾਂ ਮਨੁੱਖਾ ਤੋਂ ਸਦਾ ਸਦਕੇ ਹਾਂ, ਕੁਰਬਾਨ ਹਾਂ, ਜਿਹੜੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਮਾਇਆ ਦਾ ਮੋਹ ਸਾੜ ਦੇਂਦੇ ਹਨ। ਜਿਹੜਾ ਮਨੁੱਖ ਮਾਇਆ ਦਾ ਮੋਹ ਸਾੜ ਲੈਂਦਾ ਹੈ, ਉਹ ਪਰਮਾਤਮਾ ਦੇ ਚਰਨਾਂ ਨਾਲ ਆਪਣਾ ਚਿੱਤ ਜੋੜ ਲੈਂਦਾ ਹੈ, ਉਹ ਪਰਮਾਤਮਾ ਦੇ ਦਰ ਤੇ, ਕਰਤਾਰ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ।1।ਰਹਾਉ।
ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿiਤ ਸਾਸਤ ਜਿੰਨਿ ਉਪਾਇਆ ॥
ਕਾਮੁ ਕ੍ਰੋਧ ਪਸਰਿਆ ਸੰਸਾਰੇ ਆਏ ਜਾਇ ਦੁਖੁ ਪਾਵਣਿਆ ॥2॥
ਇਹ ਮਾਇਆ, ਸੁੱਖਾਂ ਦੀ ਕਾਮਨਾ ਅਤੇ ਦੁੱਖਾਂ ਤੋਂ ਡਰ ਹੀ ਦੇਵੀਆਂ-ਦੇਵਤੇ ਰਚੇ ਜਾਣ ਦਾ ਕਾਰਨ ਹੈ, ਇਸ ਮਾਇਆ ਨੇ ਹੀ ਸਿੰਮ੍ਰਿਤੀਆਂ ਤੇ ਸ਼ਾਸਤ੍ਰ ਪੈਦਾ ਕਰ ਦਿੱਤੇ, ਸੁਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਵਿਰਤੀ ਦੀ ਖਾਤਰ ਹੀ ਸਿiਮ੍ਰਤੀਆਂ-ਸ਼ਾਸਤ੍ਰਾਂ ਦੀ ਰਾਹੀਂ ਕਰਮ-ਕਾਂਡ ਰਚੇ ਗਏ। ਸਾਰੇ ਸੰਸਾਰ ਵਿਚ ਸੁੱਖਾਂ ਦੀ ਲਾਲਸਾ ਤੇ ਦੁੱਖਾਂ ਤੋਂ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ-ਮਰਨ ਦੇ ਗੇੜ ਵਿਚ ਪੈ ਕੇ ਦੁੱਖ ਪਾ ਰਹੇ ਹਨ।2।
ਤਿਸੁ ਵਿiਚ ਗਿਆਨ ਰਤਨੁ ਇਕੁ ਪਾਇਆ ॥ ਗੁਰ ਪਰਸਾਦੀ ਮੰਨਿ ਵਸਾਇਆ ॥
ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥3॥
ਇਸ ਜਗਤ ਵਿਚ ਹੀ ਇਕ ਰਤਨ ਵੀ ਹੈ, ਉਹ ਹੈ ਪਰਮਾਤਮਾ ਨਾਲ ਡੁੱਘੀ ਸਾਂਝ ਦਾ ਰਤਨ। ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਉਹ ਰਤਨ ਆਪਣੇ ਮਨ ਵਿਚ ਵਸਾ ਲਿਆ ਹੈ, ਉਹ ਮਨੁੱਖ ਸ਼ਬਦ ਗੁਰੂ ਦੇ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹ ਮਨੁੱਖ ਸਦਾ ਟਿਕੇ ਰਹਿਣ ਵਾਲਾ ਜਤ ਕਮਾ ਰਿਹਾ ਹੈ, ਸਤ ਕਮਾ ਰਿਹਾ ਹੈ ਤੇ ਸੰਜਮ ਕਮਾ ਰਿਹਾ ਹੈ।3।
ਪੇਈਅੜੈ ਧਨ ਭਰਮਿ ਭੁਲਾਣੀ ॥ ਦੂਜੈ ਲਾਗੀ ਫਿiਰ ਪਛੋਤਾਣੀ ॥
ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ ਨ ਪਾਵਣਿਆ ॥4॥
ਜਿਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ, ਉਹ ਸਦਾ ਮਾਇਆ ਦੇ ਮੋਹ ਵਿਚ ਮਗਨ ਰਹਿੰਦੀ ਹੈ ਤੇ ਆਖਰ ਪਛਤਾਂਦੀ ਹੈ। ਉਹ ਜੀਵ-ਇਸਤ੍ਰੀ ਇਹ ਲੋਕ ਤੇ ਪਰਲੋਕ ਦੋਵੇਂ ਗਵਾ ਲੈਂਦੀ ਹੈ, ਉਸ ਨੂੰ ਸੁਪਨੇ ਵਿਚ ਵੀ ਆਤਮਕ ਆਨੰਦ ਨਸੀਬ ਨਹੀਂ ਹੁੰਦਾ।4।
ਚੰਦੀ ਅਮਰ ਜੀਤ ਸਿੰਘ (ਚਲਦਾ)