ਗੁਰਬਾਣੀ ਦੀ ਸਰਲ ਵਿਆਖਿਆ ਭਾਗ (386)
ਮਾਝ ਮਹਲਾ 4 ॥
ਆਦਿ ਪੁਰਖੁ ਅਪਰੰਪਰੁ ਆਪੇ ॥ ਆਪੇ ਥਾਪੇ ਥਾਪਿ ਉਥਾਪੇ ॥
ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥1॥
ਜਿਹੜਾ ਪ੍ਰਭੂ ਸਭ ਦਾ ਮੁੱਢ ਹੈ, ਜੋ ਸਰਬ-ਵਿਆਪਕ ਹੈ, ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜੋ ਆਪਣੇ ਵਰਗਾ ਆਪ ਹੀ ਹੈ, ਉਹ ਆਪ ਹੀ ਜਗਤ ਨੂੰ ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ। ਉਹ ਰੱਬ ਸਭ ਜੀਵਾਂ ਵਿਚ ਆਪ ਹੀ ਆਪ ਮੌਜੂਦ ਹੈ, ਫਿਰ ਵੀ ਉਹੀ ਮਨੁੱਖ, ਉਸ ਦੇ ਦਰ ਤੇ ਸੋਭਾ ਪਾਂਦਾ ਹੈ, ਜੋ ਗੁਰੂ ਦੇ ਸਨਮੁਖ ਰਹਿੰਦਾ ਹੈ।1।
ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥
ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥1॥ ਰਹਾਉ ॥
ਮੈਂ ਉਨ੍ਹਾਂ ਬੰਦਿਆਂ ਤੋਂ ਸਦਾ ਸਦਕੇ, ਕੁਰਬਾਨ ਹਾਂ, ਜਿਹੜੇ ਨਿਰਾਕਾਰ ਪਰਮਾਤਮਾ ਦਾ ਨਾਮ ਸਿਮਰਦੇ ਹਨ। ਉਸ ਪਰਮਾਤਮਾ ਦਾ ਕੋਈ ਖਾਸ ਰੂਪ ਨਹੀਂ, ਕੋਈ ਖਾਸ ਚਿਹਨ-ਚੱਕਰ ਨਹੀਂ ਦੱਸਿਆ ਜਾ ਸਕਦਾ, ਉਂਞ ਉਹ ਹਰੇਕ ਸਰੀਰ ਵਿਚ ਵੱਸਦਾ ਦਿਸਦਾ ਹੈ, ਉਸ ਅਦ੍ਰਿਸ਼ਟ ਪ੍ਰਭੂ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ।1।ਰਹਾਉ।
ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ ॥ ਤੁਧੁ ਬਿਨੁ ਦੂਜਾ ਅਵਰੁ ਨ ਕੋਈ ॥
ਗੁਰ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥2॥
ਹੇ ਪ੍ਰਭੂ, ਤੂੰ ਦਇਆ ਦਾ ਘਰ ਹੈਂ, ਕਿਰਪਾ ਦਾ ਸੋਮਾ ਹੇਂ, ਤੂੰ ਹੀ ਸਭ ਜੀਵਾਂ ਦਾ ਮਾਲਕ ਹੈਂ, ਤੈਥੋਂ ਬਿਨਾ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਜਿਸ ਮਨੁੱਖ ਉੱਤੇ ਗੁਰੂ ਕਿਰਪਾ ਕਰਦਾ ਹੈ, ਉਸ ਨੂੰ ਤੇਰਾ ਨਾਮ ਬਖਸ਼ਦਾ ਹੈ, ਉਹ ਮਨੁੱਖ ਤੇਰੇ ਨਾਮ ਵਿਚ ਹੀ ਮਸਤ ਰਹਿੰਦਾ ਹੈ।2।
ਤੂੰ ਆਪੇ ਸਚਾ ਸਿਰਜਣਹਾਰਾ ॥ ਭਗਤੀ ਭਰੇ ਤੇਰੇ ਭੰਡਾਰਾ ॥
ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ ॥3॥
ਹੇ ਪ੍ਰਭੂ ਤੂੰ ਆਪ ਹੀ ਸਦਾ ਕਾਇਮ ਰਹਣ ਵਾਲਾ ਹੇਂ, ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਕੋਲ, ਤੇਰੀ ਭਗਤੀ ਦੇ ਖਜ਼ਾਨੇ ਭਰੇ ਪਏ ਹਨ। ਜਿਹੜਾ ਮਨੁੱਖ, ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ ਗੁਰੂ ਪਾਸੋਂ ਤੇਰਾ ਨਾਮ ਮਿਲ ਜਾਂਦਾ ਹੈ, ਉਸਦਾ ਮਨ ਤੇਰੇ ਨਾਮ ਦੀ ਯਾਦ ਵਿਚ ਰਸਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਸਮਾਧੀ ਲਾਈ ਰੱਖਦਾ ਹੈ, ਟਿਿਕਆ ਰਹਿੰਦਾ ਹੈ।3।
(ਪਰਮਾਤਮਾ ਦਾ ਨਾਮ, ਸ਼ਬਦ-ਗੁਰੂ ਤੋਂ ਹੀ ਮਿਲਦਾ, ਅਤੇ ਨਾਮ ਤੋਂ ਬਿਨਾ ਕੋਈ ਆਤਮਕ ਪੱਖੋਂ ਅਡੋਲ ਨਹੀਂ ਰਹਿ ਸਕਦਾ)
ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥ ਤੁਧੁ ਸਾਲਾਹੀ ਪ੍ਰੀਤਮ ਮੇਰੇ ॥
ਤੁਧੁ ਬਿਨੁ ਅਵਰੁ ਨ ਕੋਈ ਜਾਚਾ ਗੁਰ ਪਰਸਾਦੀ ਤੂੰ ਪਾਵਣਿਆ ॥4॥
ਹੇ ਪ੍ਰਭੂ, ਹੇ ਮੇਰੇ ਪ੍ਰੀਤਮ, ਮੇਰੇ ਤੇ ਮਿਹਰ ਕਰ, ਮੈਂ ਹਰ ਰੋਜ਼, ਹਰ ਵੇਲੇ ਤੇਰੇ ਗੁਣ ਗਾਂਦਾ ਰਹਾਂ, ਤੇਰੀ ਹੀ ਸਿਾਫਤ- ਸਾਲਾਹ ਕਰਦਾ ਰਹਾਂ। ਮੈਂ ਤੈਥੋਂ ਬਿਨਾ ਕਿਸੇ ਹੋਰ ਪਾਸੋਂ ਕੁਝ ਨਾ ਮੰਗਾਂ। ਹੇ ਮੇਰੇ ਪ੍ਰੀਤਮ, ਗੁਰੂ ਦੀ ਕਿਰਪਾ ਨਾਲ ਹੀ ਤੈਨੂੰ ਮਿਲ ਸਕੀਦਾ ਹੈ।4।
ਅਗਮੁ ਅਗੋਚਰੁ ਮਿਿਤ ਨਹੀ ਪਾਈ ॥ ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ ॥
ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥5॥
ਹੇ ਪ੍ਰਭੂ, ਤੂੰ ਅਪਹੁੰਚ ਹੈਂ, ਮਨੁੱਖ ਦੇ ਗਿਆਨ ਇੰਦਰਿਆਂ ਦੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ, ਤੂੰ ਕਿਡਾ ਵੱਡਾ ਹੈਂ ? ਇਹ ਗੱਲ ਕੋਈ ਜੀਵ ਦੱਸ ਨਹੀਂ ਸਕਦਾ। ਹੇ ਪ੍ਰਭੂ ਜਿਸ ਮਨੁੱਖ ਉੱਤੇ ਤੂੰ ਮਿਹਰ ਕਰਦਾ ਹੈਂ, ਉਸ ਨੂੰ ਤੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈਂ। ਹੇ ਭਾਈ, ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। ਮਨੁੱਖ ਪੂਰੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਧਾਰ ਕੇ ਆਤਮਕ ਆਨੰਦ ਮਾਣ ਸਕਦਾ ਹੈ।5।
(ਸੰਸਾਰ ਵਿਚ ਸਿਰਫ ਸ਼ਬਦ ਹੀ ਸੱਚਾ ਗੁਰੂ ਹੋ ਸਕਦਾ ਹੈ, ਕੋਈ ਸਰੀਰ ਸੱਚਾ ਗੁਰੂ ਨਹੀਂ ਹੋ ਸਕਦਾ। ਸਰੀਰ ਪੰਜਾਂ ਤੱਤਾਂ ਦਾ ਹੋਣ ਕਰ ਕੇ, ਮਾਇਆ ਦੀ ਖੇਡ ਹੈ। ਇਸ ਕਰ ਕੇ ਨਾ ਤਾਂ ਸਰੀਰ ਗੁਰੂ ਹੋ ਸਕਦਾ ਹੈ (ਸ਼ਬਦ ਗੁਰੂ) ਅਤੇ ਨਾ ਹੀ ਚੇਲਾ ਹੋ ਸਕਦਾ ਹੈ। (ਸੁਰਤਿ ਧੁਨਿ ਚੇਲਾ) ਪੂਰਾ ਸ਼ਬਦ ਇਵੇਂ ਹੈ:-
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (943)
ਅਕਥ ਕਥਾ ਲੇ ਰਹਉ ਨਿਰਾਲਾ ॥ ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥
ਏਕੁ ਸਬਦੁ ਜਿਤੁ ਕਥਾ ਵੀਚਾਰੀ ॥ ਗੁਰਮੁਖਿ ਹਉਮੈ ਅਗਨਿ ਨਿਵਾਰੀ ॥44॥
ਪ੍ਰਾਣ ਹੀ ਹਸਤੀ ਦਾ ਮੁੱਢ ਹਨ। ਇਹ ਮਨੁੱਖਾ ਜਨਮ ਦਾ ਸਮਾ, ਸੱਚੇ ਗੁਰੂ ਦੀ ਸਿਿਖਆ ਲੈਣ ਦਾ ਹੈ। ਸ਼ਬਦ ਮੇਰਾ ਗੁਰੂ ਹੈ, ਉਸ ਸ਼ਬਦ ਵਿਚ ਟਿਕੀ ਮੇਰੀ ਸੁਰਤ ਉਸ ਗੁਰੂ ਦਾ ਚੇਲਾ, ਸਿੱਖ ਹੈ। ਮੈਂ ਅਕੱਥ ਗੁਰੂ ਦੀਆਂ ਵਡਿਆਈਆਂ ਵਿਚਾਰ ਕੇ ਮਾਇਆ ਤੋਂ ਨਿਰਲੇਪ ਰਹਿੰਦਾ ਹਾਂ। ਹੇ ਨਾਨਕ, ਸੰਸਾਰ ਨੂੰ ਮਾਇਆ ਤੋਂ ਬਚਾਉਣ ਵਾਲਾ ਸ਼ਬਦ ਹੁਰੂ, ਹਰੇਕ ਜੁਗ ਵਿਚ ਮੌਜੂਦ ਹੈ।
ਕੇਵਲ ਗੁਰੂ ਸ਼ਬਦ ਹੀ ਹੈ, ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ। ਇਸ ਸ਼ਬਦ ਦੇ ਰਾਹੀਂ ਹੀ ਗੁਰਮੁੱਖ ਮਨੁੱਖ ਨੇ ਹਉਮੈ, ਖੁਦ-ਗਰਜ਼ੀ ਦੀ ਅੱਗ ਆਪਣੇ ਅੰਦਰੋਂ ਦੂਰ ਕੀਤੀ ਹੈ।44।
ਰਸਨਾ ਗੁਣਵੰਤੀ ਗੁਣ ਗਾਵੈ ॥ ਨਾਮੁ ਸਲਾਹੇ ਸਚੇ ਭਾਵੈ ॥
ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿiਲ ਸਚੇ ਸੋਭਾ ਪਾਵਣਿਆ ॥6॥
ਰਸਨਾ (ਰਸ ਲੈਣ ਵਾਲੀ ਇੰਦਰੀ। ਜਿਵੇਂ ਮਨੁੱਖ ਕੋਲ ਦੁਨੀਆ ਦਾ ਸੁਹੱਪਣ ਵੇਖਣ ਵਾਲੀ ਇੰਦਰੀ, ਅੱਖ ਹੈ। ਦੁਨੀਆ ਦੀਆਂ ਬੋਲੀਆਂ ਦਾ ਰਸ ਲੈਣ ਵਾਲੀ ਇੰਦਰੀ ਕੰਨ ਹੈ। ਗੰਧ(ਸੁਗੰਧ ਜਾਂ ਦੁਰਗੰਧ) ਦਾ ਰਸ ਲੈਣ ਵਾਲੀ ਇੰਦਰੀ ਨੱਕ ਹੈ। ਖਾਣ ਵਾਲੀਆਂ ਚੀਜ਼ਾਂ ਦਾ ਰਸ ਲੈਣ ਵਾਲੀ ਇੰਦਰੀ, ਜੀਭ ਹੈ। {ਇਨ੍ਹਾਂ ਵਿਚੋਂ ਕੋਈ ਵੀ ਇੰਦਰੀ, ਦੂਸਰੀ ਇੰਦਰੀ ਦਾ ਕੰਮ ਨਹੀਂ ਕਰ ਸਕਦੀ"}
ਇਵੇਂ ਹੀ ਆਤਮਕ ਰਸ ਲੈਣ ਵਾਲੀ ਇੰਦਰੀ {ਰਸਨਾ} ਮਨ ਹੈ। ਜਿਹੜਾ ਮਨ ਸਦਾ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰਦਾ ਹੈ, ਜਿਹੜਾ ਪਰਮਾਤਮਾ ਦੇ ਨਾਮ, ਉਸ ਦੇ ਹੁਕਮ ਨੂੰ ਸਲਾਹੁੰਦਾ ਹੈ, ਉਸ ਦੀ ਪਾਲਣਾ ਕਰਦਾ ਹੈ, ਉਹ ਮਨ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ। ਗੁਰੂ ਦੇ ਸਨਮੁੱਖ ਰਹਣ ਵਾਲੇ ਮਨੁੱਖ ਦੀ ਰਸਨਾ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਰਹਿੰਦੀ ਹੈ। ਗੁਰੂ ਦੇ ਸਨਮੁੱਖ ਰਹਣ ਵਾਲੇ ਮਨੁੱਖ ਦਾ ਮਨ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਮਿਲ ਕੇ, ਲੋਕ-ਪਰਲੋਕ ਵਿਚ ਸੋਭਾ ਖੱਟਦਾ ਹੈ।6।
ਮਨਮੁਖੁ ਕਰਮ ਕਰੇ ਅਹੰਕਾਰੀ ॥ ਜੂਐ ਜਨਮੁ ਸਭ ਬਾਜੀ ਹਾਰੀ ॥
ਅੰਤਰਿ ਲੋਭੁ ਮਹਾ ਗੁਬਾਰਾ ਫਿiਰ ਫਿiਰ ਆਵਣ ਜਾਵਣਿਆ ॥7॥
ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਭਾਵੇਂ ਆਪਣੇ ਵਲੋਂ ਮਿਥੇ ਹੋਏ, ਵਿਖਾਵੇ ਦੇ ਧਾਰਮਿਕ ਕਰਮ-ਕਾਂਡ ਕਰਦਾ ਹੈ, ਪਰ ਹੰਕਾਰ ਵਿਚ ਮਸਤ ਰਹਿੰਦਾ ਹੈ ਕਿ ਮੈਂ ਧਰਮੀ ਹਾਂ, ਉਹ ਮਨੁੱਖ ਮਾਨੋ ਜੂਏ ਵਿਚ ਆਪਣਾ ਜੀਵਨ ਹਾਰ ਦੇਂਦਾ ਹੈ, ਉਹ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ। ਉਸ ਦੇ ਅੰਦਰ ਮਾਇਆ ਦਾ ਲੋਭ ਪ੍ਰਬਲ ਰਹਿੰਦਾ ਹੈ, ਉਸ ਦੇ ਅੰਦਰ ਮਾਇਆ ਦੇ ਮੋਹ ਦਾ ਘੁੱਪ-ਹਨੇਰਾ ਪਸਰਿਆ ਰਹਿੰਦਾ ਹੈ, ਉਹ ਮੁੜ ਮੁੜ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।7।
ਆਪੇ ਕਰਤਾ ਦੇ ਵਡਿਆਈ ॥ ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥
ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ ॥8॥1॥34॥
ਪਰ ਜੀਵਾਂ ਦੇ ਵੱਸ ਕੀ ਹੈ ? ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਪਰਮਾਤਮਾ ਨੇ ਆਪ ਆਪਣੀ ਦਰਗਾਹ ਤੋਂ ਹੀ ਨਾਮ ਸਿਮਰਨ ਦੀ ਦਾਤ ਦਾ ਲੇਖ ਲਿਖ ਦਿੱਤਾ ਹੈ, ਉਨ੍ਹਾਂ ਨੂੰ ਉਹ ਕਰਤਾਰ ਆਪ ਹੀ ਨਾਮ ਸਿਮਰਨ ਦੀ ਵਡਿਆਈ ਬਖਸ਼ਦਾ ਹੈ। ਹੇ ਨਾਨਕ, ਉਨ੍ਹਾਂ ਵਡਭਾਗੀਆਂ ਨੂੰ ਦੁਨੀਆ ਦੇ ਸਾਰੇ ਡਰ ਦੂਰ ਕਰਨ ਵਾਲਾ ਪ੍ਰਭੂ-ਨਾਮ ਮਿਲ ਜਾਂਦਾ ਹੈ, ਗੇਰੂ ਦੇ ਸ਼ਬਦ ਵਿਚ ਜੁੜ ਕੇ, ਉਹ ਆਤਮਕ-ਆਨੰਦ ਮਾਣਦੇ ਹਨ।8।1।34।
ਚੰਦੀ ਅਮਰ ਜੀਤ ਸਿੰਘ (ਚਲਦਾ)